ਵਿਵਾਦਾਂ 'ਚ ਰਾਮਦੇਵ ਦੀ ਪਤੰਜਲੀ ਆਯੁਰਵੇਦ, GST ਦਾ ਲਾਭ ਗਾਹਕਾਂ ਨੂੰ ਨਾ ਦੇਣ 'ਤੇ 75 ਕਰੋੜ ਦਾ ਜ਼ੁਰਮਾਨਾ
Tuesday, Mar 17, 2020 - 11:33 AM (IST)
ਨਵੀਂ ਦਿੱਲੀ—ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ 'ਪਤੱਜਲੀ ਆਯੁਰਵੇਦ ਲਿਮਟਿਡ' ਇਕ ਵਾਰ ਫਿਰ ਵਿਵਾਦਾਂ 'ਚ ਆ ਗਈ ਹੈ। ਦੋਸ਼ ਹੈ ਕਿ ਜੀ.ਐੱਸ.ਟੀ. ਐਕਟ ਦੇ ਤਹਿਤ ਰੇਟ 'ਚ ਕਮੀ ਕਰਨ ਦੇ ਬਾਅਦ ਵੀ ਪਤੰਜਲੀ ਨੇ ਗਾਹਕਾਂ ਨੂੰ ਵੇਚੇ ਜਾਣ ਵਾਲੇ ਸਾਮਾਨ ਦੇ ਰੇਟਾਂ 'ਚ ਕਟੌਤੀ ਨਹੀਂ ਕੀਤੀ, ਜਿਸ ਕਾਰਨ ਉਸ 'ਤੇ 75.1 ਕਰੋੜ ਰੁਪਏ ਦਾ ਜ਼ੁਰਮਾਨਾ ਲੱਗਿਆ ਹੈ। ਪਤੰਜਲੀ 'ਤੇ ਇਹ ਕਾਰਵਾਈ ਰਾਸ਼ਟਰੀ ਮੁਨਾਫਾਖੋਰੀ ਰੋਧੀ ਅਥਾਰਿਟੀ ਨੇ ਕੀਤੀ ਹੈ।
ਇਕੋਨਾਮਿਕ ਟਾਈਮ 'ਚ ਛਪੀ ਖਬਰ ਦੇ ਅਨੁਸਾਰ ਪਤੰਜਲੀ ਨੇ ਆਪਣੇ ਤਮਾਮ ਉਤਪਾਦਾਂ ਦੀ ਕੀਮਤ 'ਚ ਕਮੀ ਨਹੀਂ ਕੀਤੀ ਸਗੋਂ ਡਿਟਰਜੈਂਟ ਪਾਊਡਰ ਦੀ ਕੀਮਤ 'ਚ ਵਾਧਾ ਕਰ ਦਿੱਤਾ। 12 ਮਾਰਚ ਨੂੰ ਅਥਾਰਟੀ ਵਲੋਂ ਦਿੱਤੇ ਗਏ ਆਦੇਸ਼ 'ਚ ਪਤੰਜਲੀ ਆਯੁਰਵੈਦ ਨੂੰ ਕਿਹਾ ਗਿਆ ਹੈ ਕਿ ਉਹ ਫਾਈਨ ਨੂੰ ਜਮ੍ਹਾ ਕਰਨ। ਇਸ ਦੇ ਇਲਾਵਾ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਕੰਜ਼ਿਊਮਰ ਵੈਲਫੇਅਰ ਫੰਡ 'ਚ 18 ਫੀਸਦੀ ਜੀ.ਐੱਸ.ਟੀ. ਜਮ੍ਹਾ ਕਰਵਾਉਣ ਦਾ ਵੀ ਆਦੇਸ਼ ਦਿੱਤਾ ਗਿਆ ਹੈ। ਅਥਾਰਟੀ ਦੀ ਮੰਨੀਏ ਤਾਂ ਤਮਾਮ ਚੀਜ਼ਾਂ 'ਤੇ ਜੀ.ਐੱਸ.ਟੀ. ਰੇਟ ਨੂੰ 28 ਤੋਂ 18 ਫੀਸਦੀ ਅਤੇ 18 ਤੋਂ 12 ਫੀਸਦੀ ਕਰ ਦਿੱਤਾ ਗਿਆ ਸੀ ਪਰ ਨਵੰਬਰ 2017 ਦੇ ਇਸ ਫੈਸਲੇ ਦਾ ਫਾਇਦਾ ਪਤੰਜਲੀ ਨੇ ਗਾਹਕਾਂ ਨੂੰ ਨਹੀਂ ਦਿੱਤਾ।
ਉੱਧਰ ਪਤੰਜਲੀ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਜੀ.ਐੱਸ.ਟੀ. ਲਾਗੂ ਹੋਣ ਦੇ ਬਾਅਦ ਟੈਕਸ 'ਚ ਜੋ ਵਾਧਾ ਹੋਇਆ ਸੀ ਉਦੋਂ ਉਸ ਨੇ ਗਾਹਕਾਂ 'ਤੇ ਕੀਮਤਾਂ ਦਾ ਬੋਝ ਨਹੀਂ ਵਧਾਇਆ ਸੀ। ਰਾਸ਼ਟਰੀ ਮੁਨਾਫਾਖੋਰੀ ਰੋਧੀ ਅਥਾਰਟੀ ਨੇ ਕਿਹਾ ਕਿ ਕੰਪਨੀ ਨੇ ਪਹਿਲਾਂ ਕੀਮਤਾਂ ਨਹੀਂ ਵਧਾਈਆਂ ਸਨ, ਇਹ ਟੈਕਸ 'ਚ ਕਟੌਤੀ ਦੇ ਬਾਅਦ ਕੀਮਤਾਂ ਨਾ ਘਟਾਉਣ ਦੇ ਕਾਰਨ ਨਹੀਂ ਹੋ ਸਕਦਾ। ਇਸ ਦੇ ਇਲਾਵਾ ਅਥਾਰਟੀ ਨੇ ਪਤੰਜਲੀ ਆਯੁਰਵੈਦ ਨੂੰ ਉਸ ਤਰਕ ਨੂੰ ਵੀ ਰੱੱਦ ਕਰ ਦਿੱਤਾ, ਜਿਸ 'ਚ ਉਸ ਨੇ ਕਿਹਾ ਸੀ ਕਿ ਉਸ ਦੇ ਖਿਲਾਫ ਜਾਂਚ ਹੋਣੀ, ਦੇਸ਼ 'ਚ ਕਾਰੋਬਾਰ ਕਰਨ ਦੇ ਉਸ ਦੇ ਮੂਲਭੂਤ ਅਧਿਕਾਰ ਦਾ ਉਲੰਘਣ ਹੈ।