ਸਰਕਾਰੀ ਨਿਯਮ ਬਣ ਰਹੇ ਆਟੋ ਇੰਡਸਟਰੀ ’ਚ ਗਿਰਾਵਟ ਦੀ ਵਜ੍ਹਾ : ਰਾਜੀਵ ਬਜਾਜ

Friday, Jan 17, 2020 - 01:15 AM (IST)

ਸਰਕਾਰੀ ਨਿਯਮ ਬਣ ਰਹੇ ਆਟੋ ਇੰਡਸਟਰੀ ’ਚ ਗਿਰਾਵਟ ਦੀ ਵਜ੍ਹਾ : ਰਾਜੀਵ ਬਜਾਜ

ਨਵੀਂ ਦਿੱਲੀ (ਬੀ.)-ਬਜਾਜ ਆਟੋ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਬਜਾਜ ਨੇ ਜ਼ਰੂਰਤ ਤੋਂ ਜ਼ਿਆਦਾ ਸਰਕਾਰੀ ਨਿਯਮਾਂ ਨੂੰ ਆਟੋ ਇੰਡਸਟਰੀ ’ਚ ਗਿਰਾਵਟ ਦੀ ਵਜ੍ਹਾ ਮੰਨਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯਮਾਂ ਦੀ ਵਜ੍ਹਾ ਨਾਲ ਆਟੋ ਇੰਡਸਟਰੀ ਡੁੱਬਣ ਦੇ ਕੰਢੇ ਖੜ੍ਹੀ ਹੈ। ਰਾਜੀਵ ਬਜਾਜ ਵੱਲੋਂ ਇਹ ਬਿਆਨ ਇਲੈਕਟ੍ਰਿਕ ਸਕੂਟਰ ਚੇਤਕ ਦੀ ਲਾਂਚਿੰਗ ਦੇ ਮੌਕੇ ’ਤੇ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਮੇਰੇ ਹਿਸਾਬ ਨਾਲ ਜ਼ਰੂਰਤ ਤੋਂ ਜ਼ਿਆਦਾ ਨਿਯਮ ਹੋਣ ਦੀ ਵਜ੍ਹਾ ਨਾਲ ਆਟੋ ਇੰਡਸਟਰੀ ਮੰਦੀ ਦੇ ਦੌਰ ’ਚੋਂ ਲੰਘ ਰਹੀ ਹੈ। ਜੇਕਰ ਅਗਲੇ ਬਜਟ ’ਚ ਆਟੋ ਇੰਡਸਟਰੀ ਨੂੰ ਟੈਕਸ ਦੇ ਮੋਰਚੇ ’ਤੇ ਕੋਈ ਰਾਹਤ ਨਹੀਂ ਦਿੱਤੀ ਜਾਂਦੀ ਹੈ ਤਾਂ ਆਟੋ ਇੰਡਸਟਰੀ ਦੇ ਹਾਲਾਤ ਛੇਤੀ ਸੁਧਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਾਲ ’ਚ ਜ਼ਿਆਦਾ ਸੇਫਟੀ ਨਾਰਮਸ, ਇੰਸ਼ੋਰੈਂਸ ’ਚ ਵਾਧਾ ਅਤੇ ਨਵੇਂ ਨਿਕਾਸੀ ਮਿਆਰ ਲਾਗੂ ਕੀਤੇ ਗਏ ਹਨ, ਜਿਸ ਦੀ ਵਜ੍ਹਾ ਨਾਲ ਮੰਗ ’ਚ ਲਗਭਗ 30 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਬਜਾਜ ਨੇ ਦੱਸਿਆ ਕਿ ਬੀ. ਐੱਸ.-6 ਨਿਕਾਸੀ ਮਿਆਰ ਲਾਗੂ ਹੋਣ ਨਾਲ ਕੀਮਤ 8000-10000 ਰੁਪਏ ਹੋਰ ਵਧ ਜਾਵੇਗੀ ਅਤੇ ਇਸ ਨਾਲ ਕਸਟਮਰਸ ਲਈ ਇਸ ਭਾਰ ਨੂੰ ਉਠਾਉਣਾ ਮੁਸ਼ਕਿਲ ਹੋਵੇਗਾ।

ਐਂਟੀ ਬ੍ਰੇਕਿੰਗ ਸਿਸਟਮ ਨੂੰ ਲਾਜ਼ਮੀ ਬਣਾਉਣ ’ਤੇ ਪ੍ਰਗਟਾਇਆ ਇਤਰਾਜ਼
ਉਨ੍ਹਾਂ 5 ਸਾਲ ਲਈ ਥਰਡ ਪਾਰਟੀ ਇੰਸ਼ੋਰੈਂਸ ਅਤੇ 150 ਸੀ. ਸੀ. ਇੰਜਣ ਵਾਲੇ ਦੋਪਹੀਆ ਵਾਹਨਾਂ ਲਈ ਐਂਟੀ ਬ੍ਰੇਕਿੰਗ ਸਿਸਟਮ (ਏ. ਬੀ. ਐੱਸ.) ਨੂੰ ਲਾਜ਼ਮੀ ਬਣਾਏ ਜਾਣ ’ਤੇ ਵੀ ਇਤਰਾਜ਼ ਪ੍ਰਗਟਾਇਆ। ਬਜਾਜ ਨੇ ਕਿਹਾ ਕਿ ਕੀ ਡਰਾਈਵਰ ਆਪਣਾ ਧਿਆਨ ਖੁਦ ਨਹੀਂ ਰੱਖ ਸਕਦੇ। ਬਜਾਜ ਦੀ ਮੰਨੀਏ ਤਾਂ ਜਿਸ ਮੁੰਬਈ ਵਰਗੇ ਸ਼ਹਿਰ ’ਚ 20 ਕਿਲੋਮੀਟਰ ਪ੍ਰਤੀ ਘੰਟਾ ’ਤੇ ਡਰਾਈਵ ਕਰਨ ’ਚ ਮੁਸ਼ਕਿਲ ਹੁੰਦੀ ਹੈ, ਅਜਿਹੇ ’ਚ 7000-8000 ਰੁਪਏ ਦੀ ਲਾਗਤ ਵਾਲੇ ਐਂਟੀ-ਲਾਕ ਬ੍ਰੇਕਿੰਗ ਸਿਸਟਮ ਨੂੰ ਲਾਜ਼ਮੀ ਕਰਨਾ ਮੇਰੇ ਖਿਆਲ ’ਚ ਪੂਰੀ ਤਰ੍ਹਾਂ ਗੈਰ-ਜ਼ਰੂਰੀ ਹੈ।

ਜੀ. ਐੱਸ. ਟੀ. ਘਟਾਇਆ ਜਾਵੇ
ਬਜਾਜ ਨੇ ਸਰਕਾਰ ਨੂੰ ਦੋਪਹੀਆ ਵਾਹਨਾਂ ਲਈ ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਘਟਾ ਕੇ 18 ਫ਼ੀਸਦੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਵ੍ਹੀਕਲ ਰੱਖਣ ਦੀ ਕੀਮਤ ਵਧਣ ਨਾਲ ਗਾਹਕਾਂ ਨੂੰ ਮੁਸ਼ਕਿਲ ਹੋਵੇਗੀ ਅਤੇ ਇਸ ਦੇ ਨਤੀਜੇ ਵਜੋਂ ਇੰਡਸਟਰੀ ਨੂੰ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਲੈਕਟ੍ਰਿਕ ਵ੍ਹੀਕਲਸ ਲਈ ਜੀ. ਐੱਸ. ਟੀ. ਘਟਾ ਕੇ 5 ਫ਼ੀਸਦੀ ਕਰ ਦਿੱਤਾ ਹੈ, ਜਦੋਂ ਕਿ ਹੋਰ ਵਾਹਨਾਂ ਲਈ ਇਹ 28 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਅਸਥਾਈ ਤੌਰ ’ਤੇ ਘਟਾ ਕੇ 18 ਫ਼ੀਸਦੀ ਕੀਤਾ ਜਾਣਾ ਚਾਹੀਦਾ ਹੈ। ਬਜਾਜ ਨੇ ਸੁਝਾਅ ਦਿੱਤਾ ਕਿ ਪਾਲਿਊਸ਼ਨ ਨਾਲ ਨਜਿੱਠਣ ਲਈ ਬੀ. ਐੱਸ.-6 ਨਿਕਾਸੀ ਮਿਆਰ ਲਿਆਉਣ ਦੀ ਬਜਾਏ ਵ੍ਹੀਕਲ ਸਕਰੈਪੇਜ ਇਕ ਬਿਹਤਰ ਬਦਲ ਹੋ ਸਕਦਾ ਹੈ।


author

Karan Kumar

Content Editor

Related News