ਸੁਸਤੀ ਦੀ ਦੁਹਾਈ 'ਤੇ ਬਜਾਜ ਦਾ ਇੰਡਸਟਰੀ ਨੂੰ ਕਰਾਰਾ ਜਵਾਬ

Saturday, Aug 24, 2019 - 07:43 AM (IST)

ਸੁਸਤੀ ਦੀ ਦੁਹਾਈ 'ਤੇ ਬਜਾਜ ਦਾ ਇੰਡਸਟਰੀ ਨੂੰ ਕਰਾਰਾ ਜਵਾਬ

ਨਵੀਂ ਦਿੱਲੀ— ਬਜਾਜ ਆਟੋ ਦੇ ਪ੍ਰਬੰਧ ਨਿਰਦੇਸ਼ਕ ਰਾਜੀਵ ਬਜਾਜ ਨੇ ਆਟੋਮੋਬਾਇਲ ਉਦਯੋਗ 'ਚ ਸੁਸਤੀ ਦੀ ਦੁਹਾਈ ਦੇ ਕੇ ਸਰਕਾਰ ਤੋਂ ਇਨਸੈਂਟਿਵ ਪੈਕੇਜ ਮੰਗਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਉਦਯੋਗਾਂ ਨੂੰ ਸਰਕਾਰ ਤੋਂ ਕਿਸੇ ਤਰ੍ਹਾਂ ਦੀ ਮਦਦ ਮੰਗਣ ਤੋਂ ਪਹਿਲਾਂ ਆਪਣੀਆਂ ਕਮੀਆਂ 'ਤੇ ਧਿਆਨ ਦੇਣਾ ਚਾਹੀਦਾ ਹੈ। ਆਟੋ ਉਦਯੋਗ 'ਚ ਕੋਈ ਸੰਕਟ ਨਹੀਂ ਹੈ। ਕੰਪਨੀਆਂ ਛਾਂਟੀ ਕਰ ਕੇ ਕਰਮਚਾਰੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰਨ। ਆਟੋਮੋਬਾਇਲ ਖੇਤਰ ਦੀਆਂ ਦਿੱਗਜ ਕੰਪਨੀਆਂ ਮਾਰੂਤੀ ਅਤੇ ਮਹਿੰਦਰਾ ਐਂਡ ਮਹਿੰਦਰਾ ਨੇ ਵਿਕਰੀ 'ਚ ਗਿਰਾਵਟ ਨਾਲ ਨਿੱਬੜਨ ਅਤੇ ਛਾਂਟੀ ਨੂੰ ਰੋਕਣ ਨੂੰ ਲੈ ਕੇ ਆਟੋ ਉਦਯੋਗ ਲਈ ਕੇਂਦਰ ਤੋਂ ਵਿੱਤੀ ਇਨਸੈਂਟਿਵ ਪੈਕੇਜ ਦੀ ਮੰਗ ਕੀਤੀ ਹੈ।

ਬਜਾਜ ਨੇ ਕਿਹਾ ਕਿ ਵਿੱਤੀ ਮਦਦ ਮੰਗਣ ਤੋਂ ਪਹਿਲਾਂ ਉਦਯੋਗ ਨੂੰ ਖੁਦ ਤੋਂ ਇਹ ਪੁੱਛਣ ਦੀ ਜ਼ਰੂਰਤ ਹੈ ਕਿ ਕੀ ਉਸ ਨੇ ਕੌਮਾਂਤਰੀ ਪੱਧਰ 'ਤੇ ਮੁਕਾਬਲੇਬਾਜ਼ ਬਣਨ ਲਈ ਸਮਰੱਥ ਕੋਸ਼ਿਸ਼ ਕੀਤੀ ਹੈ। ਵੀਰਵਾਰ ਨੂੰ ਇਕ ਬਿਜ਼ਨੈੱਸ ਚੈਨਲ ਨਾਲ ਗੱਲਬਾਤ 'ਚ ਉਨ੍ਹਾਂ ਕਿਹਾ ਕਿ ਭਾਰਤੀ ਉਦਯੋਗ ਦੇ ਉਤਪਾਦ 'ਔਸਤ ਦਰਜੇ' ਦੇ ਹੁੰਦੇ ਹਨ। ਆਟੋ ਇੰਡਸਟਰੀ 'ਚ ਹਾਲ ਦੇ ਦਿਨਾਂ 'ਚ ਕਰਮਚਾਰੀਆਂ ਦੀ ਛਾਂਟੀ ਨਾਲ ਜੁੜੀ ਰਿਪੋਰਟ 'ਤੇ ਟਿੱਪਣੀ ਕਰਦੇ ਹੋਏ ਬਜਾਜ ਨੇ ਕਿਹਾ ਕਿ ਇਸ ਤਰ੍ਹਾਂ ਦਾ ਡਰ ਵੇਚਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ, ''ਮੈਂ ਇਸ ਗੱਲ ਨਾਲ ਸਹਿਮਤੀ ਜਤਾਉਂਦਾ ਹਾਂ ਕਿ ਇਹ ਆਸਾਨ ਸਮਾਂ ਹੈ ਪਰ ਵਿਕਰੀ 'ਚ ਸਿਰਫ 5 ਤੋਂ 7 ਫੀਸਦੀ ਦੀ ਗਿਰਾਵਟ ਨੂੰ ਸੰਕਟ ਦਾ ਨਾਂ ਨਹੀਂ ਦਿੱਤਾ ਜਾ ਸਕਦਾ।''

 

ਉਦਯੋਗਾਂ ਨੂੰ ਖੁਦ ਦੇ ਅੰਦਰ ਝਾਕਣ ਦੀ ਲੋੜ
ਰਾਜੀਵ ਬਜਾਜ ਨੇ ਕਿਹਾ ਕਿ ਆਟੋਮੋਬਾਇਲ ਉਦਯੋਗ 'ਚ ਜੋ ਮੰਦੀ ਦਾ ਮਾਹੌਲ ਹੈ, ਉਹ ਉਸ ਦੀ ਖੁਦ ਦੀ ਵਜ੍ਹਾ ਨਾਲ ਹੈ। ਜ਼ਿਆਦਾਤਰ ਕੰਪਨੀਆਂ ਆਪਣੇ ਉਤਪਾਦਾਂ ਦੀ ਬਰਾਮਦ ਕਰਨ 'ਚ ਸਮਰੱਥ ਨਹੀਂ ਹਨ, ਜਿਸ ਦਾ ਕਾਰਣ ਉਨ੍ਹਾਂ ਦੀ ਗੁਣਵੱਤਾ ਦਾ ਔਸਤ ਦਰਜੇ ਦਾ ਹੋਣਾ ਹੈ, ਜਿਸ ਦੀ ਵਜ੍ਹਾ ਨਾਲ ਕੌਮਾਂਤਰੀ ਬਾਜ਼ਾਰ 'ਚ ਉਹ ਟਿਕ ਨਹੀਂ ਪਾਉਂਦੀਆਂ।
 

ਬਰਾਮਦ 'ਤੇ ਫੋਕਸ ਕਰੇ ਇੰਡਸਟਰੀ
ਉਦਯੋਗ ਨੂੰ ਭਾਰਤ ਦੇ ਬਾਹਰ ਆਪਣਾ ਵਿਸਤਾਰ ਕਰਨ ਨਾਲ ਜੁੜੇ ਸਵਾਲ 'ਤੇ ਬਜਾਜ ਨੇ ਕਿਹਾ ਕਿ ਉਦਯੋਗ ਨੂੰ ਘਰੇਲੂ ਬਾਜ਼ਾਰ 'ਚ ਵਿਕਰੀ 'ਚ ਹੋ ਰਹੀ ਗਿਰਾਵਟ ਨਾਲ ਨਿੱਬੜਨ ਲਈ ਕੌਮਾਂਤਰੀ ਬਾਜ਼ਾਰਾਂ 'ਚ ਬਰਾਮਦ 'ਤੇ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
 

ਕਰਮਚਾਰੀਆਂ ਦੀ ਛਾਂਟੀ ਜਾਇਜ਼ ਨਹੀਂ
ਉਨ੍ਹਾਂ ਕਿਹਾ, ''ਜੇਕਰ ਮੈਂ ਆਪਣੇ ਕਰਮਚਾਰੀਆਂ ਨੂੰ ਕਹਾਂ ਕਿ ਸਮਾਂ ਠੀਕ ਨਹੀਂ ਚੱਲ ਰਿਹਾ ਹੈ, ਮੈਂ ਤੁਹਾਨੂੰ ਬਾਹਰ ਕੱਢਣ ਜਾ ਰਿਹਾ ਹਾਂ ਤਾਂ ਮੇਰੇ ਕਰਮਚਾਰੀ ਮੇਰੇ 'ਤੇ ਭਰੋਸਾ ਕਿਵੇਂ ਕਰਨਗੇ।'' ਬਜਾਜ ਨੇ ਕਿਹਾ ਕਿ ਇਸ ਗੱਲ ਦੇ ਕਈ ਪ੍ਰਭਾਵ ਹਨ। ਕਰਮਚਾਰੀਆਂ ਦੀ ਸੈਲਰੀ ਵਿਕਰੀ ਦਾ ਸਿਰਫ 7 ਫੀਸਦੀ ਹੈ, ਇਸ ਲਈ ਇਸ ਤਰ੍ਹਾਂ ਦੀ ਛੋਟੀ-ਜਿਹੀ ਬਚਤ ਲਈ ਕਰਮਚਾਰੀਆਂ ਨੂੰ ਕੱਢ ਦੇਣਾ ਕੀ ਜਾਇਜ਼ ਹੈ। ਮੈਂ ਤਾਂ ਕਰਮਚਾਰੀਆਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਨਾਲ ਖਿਲਵਾੜ ਕਰਨਾ ਪਸੰਦ ਨਹੀਂ ਕਰਾਂਗਾ।


Related News