ਦੇਸ਼ ਦੇ 21 ਸੂਬਿਆਂ ''ਚ ਪਏ ਭਾਰੀ ਮੀਂਹ ਨੇ ਦੁਸਹਿਰੇ ਦੇ ਰੰਗ ''ਚ ਪਾਇਆ ਭੰਗ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
Thursday, Oct 06, 2022 - 01:42 PM (IST)
ਨਵੀਂ ਦਿੱਲੀ : ਅਚਾਨਕ ਬਦਲੇ ਮੌਸਮ ਨੇ ਬੁੱਧਵਾਰ ਨੂੰ ਦੇਸ਼ ਦੇ ਕਈ ਸੂਬਿਆਂ ’ਚ ਦੁਸਹਿਰਾ ਦੇ ਤਿਉਹਾਰ ਨੂੰ ਸਿੱਲਾ ਕਰ ਦਿੱਤਾ। ਉੱਤਰੀ ਭਾਰਤ ’ਚ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਤੋਂ ਲੈ ਕੇ ਦੱਖਣ ’ਚ ਆਂਧਰਾ ਪ੍ਰਦੇਸ਼ ਤਕ ਤਕਰੀਬਨ 20 ਸੂਬਿਆਂ ’ਚ ਦੁਪਹਿਰ ਬਾਅਦ ਤੇਜ਼ ਮੀਂਹ ਪਿਆ। ਇਸ ਨਾਲ ਕਈ ਥਾਂਵਾਂ 'ਤੇ ਦੁਸਹਿਰਾ ਮੈਦਾਨ ’ਚ ਲੱਗੇ ਰਾਵਣ ਦੇ ਪੁਤਲੇ ਵੀ ਭਿੱਜ ਗਏ। ਹਾਲਾਂਕਿ ਪੰਜਾਬ ’ਚ ਮੌਸਮ ਖੁਸ਼ਕ ਰਿਹਾ।
ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਦਿਨ ਵੀ ਰਾਹਤ ਵਾਲੇ ਰਹਿਣ ਦਾ ਅਨੁਮਾਨ ਹੈ। ਆਂਧਰਾ ਤੱਟ ਤੋਂ ਦੂਰ ਪੱਛਮ-ਮੱਧ ਬੰਗਾਲ ਦੀ ਖਾੜੀ ਦੇ ਉੱਪਰ ਘੱਟ ਦਬਾਅ ਦਾ ਖੇਤਰ ਬਣਨ ਨਾਲ ਦੇਸ਼ ਦੇ ਕਈ ਹਿੱਸਿਆਂ ’ਚ ਅਚਾਨਕ ਮੌਸਮ ਬਦਲਿਆ ਅਤੇ ਮੀਂਹ ਪਿਆ। ਖਾੜੀ ’ਚ ਬਣਿਆ ਘੱਟ ਦਬਾਅ ਦਾ ਖੇਤਰ ਹੌਲੀ ਰਫ਼ਤਾਰ ਨਾਲ ਉੱਤਰ-ਪੱਛਮ ਵੱਲ ਵਧ ਰਿਹਾ ਹੈ। ਇਸ ਨਾਲ ਪੂਰਬੀ ਸੂਬਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 12 ਸੂਬਿਆਂ ਲਈ 6-7 ਅਕਤੂਬਰ ਨੂੰ ਯੈਲੋ ਅਲਰਟ, ਯੂ.ਪੀ. ਲਈ 6 ਤੋਂ 8 ਅਕਤੂਬਰ ਤਕ ਓਰੇਂਜ ਅਲਰਟ, ਉੱਤਰਾਖੰਡ ਲਈ 7 ਅਕਤੂਬਰ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਚਾਰਧਾਮ ਯਾਤਰੀਆਂ ਲਈ ਅਗਲੇ ਤਿੰਨ ਦਿਨ ਤਕ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ।