ਪੰਜਾਬ ਐਂਡ ਸਿੰਧ ਬੈਂਕ ਦਾ ਸ਼ੁੱਧ ਲਾਭ 27 ਫ਼ੀਸਦੀ ਵਧ ਕੇ 278 ਕਰੋੜ ਰੁਪਏ ਪਹੁੰਚਿਆ
Saturday, Nov 05, 2022 - 05:32 PM (IST)

ਨਵੀਂ ਦਿੱਲੀ- ਜਨਤਕ ਖੇਤਰ 'ਚ ਪੰਜਾਬ ਐਂਡ ਸਿੰਧ ਬੈਂਕ (ਪੀ.ਐੱਸ.ਬੀ.) ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ 27 ਫ਼ੀਸਦੀ ਵਧ ਕੇ 278 ਕਰੋੜ ਰੁਪਏ ਹੋ ਗਿਆ ਹੈ। ਪੀ.ਐੱਸ.ਬੀ. ਨੇ ਸ਼ਨੀਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ 'ਚ ਕਿਹਾ ਕਿ ਜੁਲਾਈ-ਸਤੰਬਰ ਤਿਮਾਹੀ 'ਚ ਫਸੇ ਕਰਜ਼ਿਆਂ ਲਈ ਵਿੱਤੀ ਵਿਵਸਥਾ ਦੀ ਜ਼ਰੂਰਤ ਘਟਣ ਕਾਰਨ ਉਸ ਦੇ ਲਾਭ 'ਚ ਵਾਧਾ ਹੋਇਆ ਹੈ। ਇਕ ਸਾਲ ਪਹਿਲਾਂ ਦੀ ਸਮਾਨ ਤਿਮਾਹੀ 'ਚ ਇਸ ਦਾ ਸ਼ੁੱਧ ਲਾਭ 218 ਕਰੋੜ ਰੁਪਏ ਰਿਹਾ ਸੀ।
ਬੈਂਕ ਦੀ ਪਿਛਲੀ ਤਿਮਾਹੀ 'ਚ ਕੁੱਲ ਆਮਦਨ ਵੀ ਵਧ ਕੇ 2,120.17 ਕਰੋੜ ਰੁਪਏ ਹੋ ਗਈ ਜਦਕਿ ਪਿਛਲੇ ਸਾਲ ਦੀ ਸਮਾਨ ਮਿਆਦ 'ਚ ਇਹ 1,974.78 ਕਰੋੜ ਰੁਪਏ ਰਹੀ ਸੀ। ਵਿੱਤੀ ਸਾਲ 2022-23 ਦੀ ਦੂਜੀ ਤਿਮਾਹੀ 'ਚ ਪੀ.ਐੱਸ.ਬੀ ਦੀਆਂ ਕੁੱਲ ਗੈਰ-ਕਾਰਗੁਜ਼ਾਰੀ ਸੰਪਤੀਆਂ (ਐੱਨ.ਪੀ.ਏ) ਘੱਟ ਕੇ ਕੁੱਲ ਪੇਸ਼ਗੀ ਦੇ 9.67 ਫ਼ੀਸਦੀ 'ਤੇ ਆ ਗਿਆ ਜਦਕਿ ਪਿਛਲੇ ਸਾਲ ਇਹ ਅਨੁਮਾਨ 14.54 ਫ਼ੀਸਦੀ ਰਿਹਾ ਸੀ। ਮੁੱਲ ਦੇ ਲਿਹਾਜ਼ ਨਾਲ ਸਤੰਬਰ ਤਿਮਾਹੀ ਦੇ ਅੰਤ 'ਚ ਖਰਾਬ ਕਰਜ਼ਿਆਂ ਦੀ ਰਕਮ 7,128.45 ਕਰੋੜ ਰੁਪਏ ਰਹੀ ਜੋ ਜੁਲਾਈ-ਸਤੰਬਰ 2021 'ਚ 9,822.80 ਕਰੋੜ ਰੁਪਏ ਸੀ।
ਬੈਂਕ ਦਾ ਸ਼ੁੱਧ ਐੱਨ.ਪੀ.ਏ. ਵੀ ਘੱਟ ਕੇ 2.24 ਫ਼ੀਸਦੀ 'ਤੇ ਆ ਗਿਆ ਜਦਕਿ ਪਿਛਲੇ ਸਾਲ ਦੀ ਦੂਜੀ ਤਿਮਾਹੀ ਦੇ ਅੰਤ 'ਚ ਇਹ 3.81 ਫੀਸਦੀ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਫਸੇ ਕਰਜ਼ਿਆਂ ਅਤੇ ਸੰਕਟਕਾਲਾਂ ਲਈ ਬੈਂਕ ਦਾ ਵਿੱਤੀ ਪ੍ਰਬੰਧ ਘਟ ਕੇ 125 ਕਰੋੜ ਰੁਪਏ ਰਹਿ ਗਿਆ। ਜਦਕਿ ਪਿਛਲੇ ਸਾਲ ਦੀ ਸਮਾਨ ਤਿਮਾਹੀ 'ਚ ਇਹ 203 ਕਰੋੜ ਰੁਪਏ ਰਿਹਾ ਸੀ। ਫਸੇ ਕਰਜ਼ਿਆਂ ਦੇ ਲਈ ਵਿੱਤੀ ਪ੍ਰਬੰਧ ਇਕ ਸਾਲ ਪਹਿਲੇ ਦੇ 678 ਕਰੋੜ ਰੁਪਏ ਦੀ ਤੁਲਨਾ 'ਚ ਘੱਟ ਕੇ 63 ਕਰੋੜ ਰੁਪਏ ਰਹਿ ਗਿਆ।