ਪੰਜਾਬ ਨੈਸ਼ਨਲ ਬੈਂਕ ਨੂੰ ਮਾਰਚ ਤਿਮਾਹੀ 'ਚ 586 ਕਰੋੜ ਰੁਪਏ ਦਾ ਮੁਨਾਫਾ

Saturday, Jun 05, 2021 - 07:53 AM (IST)

ਪੰਜਾਬ ਨੈਸ਼ਨਲ ਬੈਂਕ ਨੂੰ ਮਾਰਚ ਤਿਮਾਹੀ 'ਚ 586 ਕਰੋੜ ਰੁਪਏ ਦਾ ਮੁਨਾਫਾ

ਨਵੀਂ ਦਿੱਲੀ- ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਵਿੱਤੀ ਸਾਲ 2020-21 ਦੀ 31 ਮਾਰਚ 2021 ਨੂੰ ਸਮਾਮਤ ਹੋਈ ਚੌਥੀ ਤਿਮਾਹੀ ਵਿਚ 586.33 ਕਰੋੜ ਰੁਪਏ ਦਾ ਮੁਨਾਫਾ ਦਰਜ ਕੀਤਾ ਹੈ। ਵਿਆਜ ਆਮਦਨ ਵਿਚ ਚੰਗਾ ਵਾਧਾ ਹੋਣ ਨਾਲ ਬੈਂਕ ਦਾ ਮੁਨਾਫਾ ਵਧਿਆ ਹੈ। ਬੈਂਕ ਨੇ ਇਕ ਰੈਗੂਲੇਟਰੀ ਸੂਚਨਾ ਤਹਿਤ ਇਹ ਜਾਣਕਾਰੀ ਦਿੱਤੀ।

ਬੈਂਕ ਨੇ ਕਿਹਾ ਕਿ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ਵਿਚ ਉਸ ਨੂੰ 697.20 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਵਿੱਤੀ ਸਾਲ ਦੀ ਜਨਵਰੀ-ਮਾਰਚ 2021 ਤਿਮਾਹੀ ਵਿਚ ਬੈਂਕ ਦੀ ਕੁੱਲ ਆਮਦਨ ਵੱਧ ਕੇ 22,531.73 ਕਰੋੜ ਰੁਪਏ ਹੋ ਗਈ, ਜੋ ਪਿਛਲੇ ਸਾਲ ਦੀ ਇਸ ਮਿਆਦ ਵਿਚ 16,388.32 ਕਰੋੜ ਰੁਪਏ ਸੀ। ਇਸ ਦੌਰਾਨ ਬੈਂਕ ਦੀ ਵਿਆਜ ਆਮਦਨੀ 36 ਫ਼ੀਸਦੀ ਦੇ ਵਾਧੇ ਨਾਲ 18,789.53 ਕਰੋੜ ਰੁਪਏ ਹੋ ਗਈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ ਇਹ 13,858.98 ਕਰੋੜ ਰੁਪਏ ਸੀ।

ਤਿਮਾਹੀ ਦੌਰਾਨ ਬੈਂਕ ਨੇ 5,634.31 ਕਰੋੜ ਰੁਪਏ ਦਾ ਓਪਰੇਟਿੰਗ ਮੁਨਾਫਾ ਦਰਜ ਕੀਤਾ। ਇਹ ਇਕ ਸਾਲ ਪਹਿਲਾਂ 3,932.28 ਕਰੋੜ ਰੁਪਏ ਸੀ। ਬੈਂਕ ਨੇ ਕਿਹਾ ਕਿ ਇਸ ਦੇ ਵਿੱਤੀ ਨਤੀਜਿਆਂ ਦੀ ਪਿਛਲੇ ਸਾਲ ਦੇ ਅੰਕੜਿਆਂ ਨਾਲ ਤੁਲਨਾ ਨਹੀਂ ਹੋ ਸਕਦੀ ਕਿਉਂਕਿ ਓਰੀਐਂਟਲ ਬੈਂਕ ਆਫ ਕਾਮਰਸ ਤੇ ਯੂਨਾਈਟਿਡ ਬੈਂਕ ਆਫ਼ ਇੰਡੀਆ 1 ਅਪ੍ਰੈਲ, 2020 ਤੋਂ ਇਸ ਵਿਚ ਸ਼ਾਮਲ ਹੋਏ ਸਨ। ਉੱਥੇ ਹੀ, ਬੈਂਕ ਦਾ ਐੱਨ. ਪੀ. ਏ. ਥੋੜ੍ਹਾ ਘੱਟ ਕੇ 14.12 ਫ਼ੀਸਦੀ ਰਿਹਾ, ਜੋ ਕਿ ਮਾਰਚ 2020 ਦੀ ਸਮਾਪਤੀ 'ਤੇ 14.21 ਫ਼ੀਸਦ ਸੀ। ਸ਼ੁੱਧ ਐੱਨ. ਪੀ. ਏ. ਦੀ ਗੱਲ ਕਰੀਏ ਤਾਂ ਇਹ ਵੱਧ ਕੇ 38,575.70 ਕਰੋੜ ਰੁਪਏ ਹੋ ਗਿਆ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ਵਿਚ 27,218.89 ਕਰੋੜ ਰੁਪਏ ਸੀ।
 


author

Sanjeev

Content Editor

Related News