ਪੰਜਾਬ ਨੈਸ਼ਨਲ ਬੈਂਕ ਦਾ ਸ਼ੁੱਧ ਲਾਭ ਪੰਜ ਗੁਣਾ ਤੋਂ ਵੱਧ ਹੋ ਕੇ 1,159 ਕਰੋੜ ਰੁਪਏ ’ਤੇ ਪੁੱਜਾ
Saturday, May 20, 2023 - 10:20 AM (IST)
ਨਵੀਂ ਦਿੱਲੀ (ਭਾਸ਼ਾ)– ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦਾ ਸ਼ੁੱਧ ਲਾਭ 31 ਮਾਰਚ, 2023 ਨੂੰ ਸਮਾਪਤ ਵਿੱਤੀ ਸਾਲ ਦੀ ਚੌਥੀ ਤਿਮਾਹੀ ’ਚ ਪੰਜ ਗੁਣਾ ਤੋਂ ਵੱਧ ਹੋ ਕੇ 1,159 ਕਰੋੜ ਰੁਪਏ ’ਤੇ ਪੁੱਜ ਗਿਆ ਹੈ। ਮੁੱਖ ਤੌਰ ’ਤੇ ਫਸੇ ਕਰਜ਼ੇ ’ਚ ਘਾਟ ਅਤੇ ਵਿਆਜ ਆਮਦਨ ਵਧਣ ਨਾਲ ਬੈਂਕ ਦਾ ਲਾਭ ਵਧਿਆ ਹੈ। ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਉਸ ਨੇ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਸਿੰਗਲ ਆਧਾਰ ’ਤੇ 20 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਮਾਰਚ 2023 ਤਿਮਾਹੀ ਵਿਚ ਬੈਂਕ ਦੀ ਕੁੱਲ ਆਮਦਨ ਵਧ ਕੇ 27,269 ਕਰੋੜ ਰੁਪਏ ਹੋ ਗਈ, ਜੋ ਮਾਰਚ 2022 ਤਿਮਾਹੀ ’ਚ 21,095 ਕਰੋੜ ਰੁਪਏ ਸੀ। ਬੈਂਕ ਦੀ ਵਿਆਜ ਤੋਂ ਆਮਦਨ ਮਾਰਚ 2022 ਤਿਮਾਹੀ ਦੇ 18,645 ਕਰੋੜ ਰੁਪਏ ਤੋਂ ਵਧ ਕੇ ਮਾਰਚ, 2023 ਤਿਮਾਹੀ ’ਚ 23,849 ਕਰੋੜ ਰੁਪਏ ਹੋ ਗਈ।
ਪੀ. ਐੱਨ. ਬੀ. ਦੀ ਕੁੱਲ ਗੈਰ-ਐਲਾਨੀ ਜਾਇਦਾਦ (ਐੱਨ. ਪੀ. ਏ.) ਯਾਨੀ ਫਸਿਆ ਕਰਜ਼ਾ 31 ਮਾਰਚ ਨੂੰ ਘਟ ਕੇ ਕੁੱਲ ਕਰਜ਼ੇ ਦਾ 8.74 ਫ਼ੀਸਦੀ ਰਿਹਾ, ਜੋ 31 ਮਾਰਚ 2022 ਨੂੰ 11.78 ਫ਼ੀਸਦੀ ਸੀ। ਬੈਂਕ ਦਾ ਸ਼ੁੱਧ ਐੱਨ. ਪੀ. ਏ. ਸਮੀਖਿਆ ਅਧੀਨ ਮਿਆਦ ’ਚ ਘਟ ਕੇ 2.72 ਫ਼ੀਸਦੀ ਰਿਹਾ, ਜੋ ਮਾਰਚ 2022 ਵਿਚ 4.8 ਫ਼ੀਸਦੀ ਸੀ। ਪੀ. ਐੱਨ. ਬੀ. ਦਾ ਫਸਿਆ ਕਰਜ਼ਾ ਘੱਟ ਹੋਣ ਨਾਲ ਉਸ ਦੇ ਸਬੰਧ ’ਚ ਵਿਵਸਥਾ 2022-23 ਦੀ ਚੌਥੀ ਤਿਮਾਹੀ ’ਚ 3,625 ਕਰੋੜ ਰੁਪਏ ਰਿਹਾ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 4,564 ਕਰੋੜ ਰੁਪਏ ਸੀ। ਹਾਲਾਂਕਿ ਪੂਰੇ ਵਿੱਤੀ ਸਾਲ 2022-23 ’ਚ ਬੈਂਕ ਦਾ ਸ਼ੁੱਧ ਲਾਭ 27 ਫ਼ੀਸਦੀ ਘਟ ਕੇ 2,507 ਕਰੋੜ ਰੁਪਏ ਰਿਹਾ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ’ਚ 3,457 ਕਰੋੜ ਰੁਪਏ ਸੀ। ਬੈਂਕ ਦੇ ਬੋਰਡ ਆਫ ਡਾਇਰੈਕਟਰ ਨੇ ਵਿੱਤੀ ਸਾਲ 2022-23 ਲਈ 2 ਰੁਪਏ ਜਾਰੀ ਮੁੱਲ ਦੇ ਸ਼ੇਅਰ ’ਤੇ 0.65 ਰੁਪਏ ਯਾਨੀ 32.5 ਫ਼ੀਸਦੀ ਲਾਭ ਅੰਸ਼ ਦੇਣ ਦੀ ਸਿਫਾਰਿਸ਼ ਕੀਤੀ ਹੈ।