ਮਾਰੂਤੀ ਦੇ ਗੁਰੂਗ੍ਰਾਮ ਤੇ ਮਾਨੇਸਰ ਪਲਾਂਟ ''ਚ ਦੋ ਦਿਨ ਬੰਦ ਰਹੇਗਾ ਉਤਪਾਦਨ

09/04/2019 2:12:11 PM

 

ਨਵੀਂ ਦਿੱਲੀ — ਆਟੋਮੋਬਾਇਲ ਖੇਤਰ 'ਚ ਪਸਰੀ ਮੰਦੀ ਕਾਰਨ ਯਾਤਰੀ ਕਾਰ ਸੈਕਟਰ ਦੀ ਦੇਸ਼ ਦੀ ਪ੍ਰਮੁੱਖ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਹਰਿਆਣਾ ਦੇ ਗੁਰੂਗ੍ਰਾਮ ਅਤੇ ਮਾਨੇਸਰ ਪਲਾਂਟ 'ਚ ਉਤਪਾਦਨ ਦੋ ਦਿਨਾਂ ਲਈ ਰੋਕਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਗੁਰੂਗ੍ਰਾਮ ਅਤੇ ਮਨੇਸਰ ਪਲਾਂਟਾਂ 'ਚ 7 ਅਤੇ 8 ਸਤੰਬਰ ਨੂੰ ਉਤਪਾਦਨ ਬੰਦ ਕਰੇਗੀ। ਦੋਵੇਂ ਦਿਨ ਪ੍ਰੋਡਕਸ਼ਨ ਨਹੀਂ ਦਿਨ ਦੇ ਰੂਪ 'ਚ ਰਹਿਣਗੇ। ਹਾਲਾਂਕਿ ਕੰਪਨੀ ਨੇ ਉਤਪਾਦਨ ਬੰਦ ਹੋਣ ਪਿੱਛੇ ਕੋਈ ਕਾਰਨ ਨਹੀਂ ਦੱਸਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਫੈਸਲਾ ਯਾਤਰੀ ਕਾਰਾਂ ਦੀ ਸੁਸਤ ਮੰਗ ਕਾਰਨ ਲਿਆ ਗਿਆ ਹੈ। ਮਾਰੂਤੀ ਨੇ 1 ਸਤੰਬਰ ਨੂੰ ਅਗਸਤ ਦੇ ਮਹੀਨੇ ਦੀ ਵਿਕਰੀ ਦੇ ਅੰਕੜੇ ਜਾਰੀ ਕੀਤੇ ਜਿਸ ਵਿਚ ਇਸਦੀ ਕੁੱਲ ਵਾਹਨ ਦੀ ਵਿਕਰੀ ਪਿਛਲੇ ਸਾਲ ਦੇ ਇਸੇ ਮਹੀਨੇ ਦੀ 1,58,189 ਇਕਾਈ ਦੀ ਤੁਲਨਾ 'ਚ 32.7 ਪ੍ਰਤੀਸ਼ਤ ਘਟ ਕੇ 1,06,413 ਇਕਾਈ ਰਹਿ ਗਈ। ਘਰੇਲੂ ਬਜ਼ਾਰ 'ਚ ਵਿਕਰੀ 34.3 ਫ਼ੀਸਦੀ ਘੱਟ ਕੇ ਇਕ ਲੱਖ ਤੋਂ ਹੇਠਾਂ 97,061 ਇਕਾਈ ਰਹਿ ਗਈ। ਪਿਛਲੇ ਸਾਲ ਅਗਸਤ 'ਚ ਕੰਪਨੀ ਨੇ ਦੇਸ਼ 'ਚ ਇਕ ਲੱਖ 47 ਹਜ਼ਾਰ 700 ਯੂਨਿਟ ਵੇਚੇ ਸਨ। 

ਅਗਸਤ 2019 'ਚ ਆਲਟੋ ਅਤੇ ਵੈਗਨ-ਆਰ ਦੀ ਵਿਕਰੀ 'ਚ 71.2 ਫੀਸਦੀ ਦੀ ਭਾਰੀ ਗਿਰਾਵਟ ਆਈ ਸੀ ਅਤੇ ਪਿਛਲੇ ਸਾਲ ਦੇ 35,895 ਦੇ ਮੁਕਾਬਲੇ 'ਚ ਕੰਪਨੀ ਇਸ ਸਾਲ ਅਗਸਤ ਵਿਚ ਸਿਰਫ 10,123 ਵਾਹਨ ਵੇਚ ਸਕੀ। ਇਸ ਤੋਂ ਪਹਿਲਾਂ ਜੁਲਾਈ 2019 'ਚ ਵੀ ਕੰਪਨੀ ਦੀ ਵਿਕਰੀ 33.5 ਫੀਸਦੀ ਘੱਟ ਕੇ ਪਹਿਲਾਂ ਦੀ ਇਸੇ ਮਿਆਦ ਦੇ ਇਕ ਲੱਖ 64 ਹਜ਼ਾਰ 369 ਦੀ ਤੁਲਨਾ 'ਚ ਇਕ ਲੱਖ 9 ਹਜ਼ਾਰ 264 ਇਕਾਈ ਰਹਿ ਗਈ ਸੀ।


Related News