ਦੀਵਾਨ ਹਾਊਸਿੰਗ ਫਾਈਨਾਂਸ ਲਿਮਟਿਡ ਦੀਆਂ ਵਧੀਆਂ ਮੁਸ਼ਕਿਲਾਂ

Thursday, Jul 25, 2019 - 06:41 PM (IST)

ਦੀਵਾਨ ਹਾਊਸਿੰਗ ਫਾਈਨਾਂਸ ਲਿਮਟਿਡ ਦੀਆਂ ਵਧੀਆਂ ਮੁਸ਼ਕਿਲਾਂ

ਮੁਬੰਈ— ਸੰਕਟ ’ਚ ਚੱਲ ਰਹੀ ਦੀਵਾਨ ਹਾਊਸਿੰਗ ਫਾਈਨਾਂਸ ਕਾਰਪੋਰੇਸ਼ਨ ਲਿਮਟਿਡ (ਡੀ. ਐੱਚ. ਐੱਫ.ਐੱਲ) ਨੇ ਆਖਿਰ ਦੇਰੀ ਨਾਲ ਬੀਤੇ ਦਿਨੀਂ 31 ਮਾਰਚ ਨੂੰ ਖਤਮ ਹੁੰਦੇ ਵਿੱਤੀ ਵਰ੍ਹੇ ਦੀ ਤਿਮਾਹੀ ਦੀ ਆਡਿਟ ਹੋਈ ਵਿੱਤੀ ਰਿਪੋਰਟ ਦਾਇਰ ਕਰ ਦਿੱਤੀ ਹੈ ਪਰ ਇਸ ਰਿਪੋਰਟ ਨਾਲ ਇਸ ਫਰਮ ’ਤੇ ਹੋਰ ਮੁਸੀਬਤ ਆ ਗਈ ਜਾਪਦੀ ਹੈ ਕਿਉਂਕਿ ਆਡਿਟਰਾਂ ਨੇ ਦੱਸਿਆ ਹੈ ਕਿ ਕੰਪਨੀ ਨੇ ਉਨ੍ਹਾਂ ਕੋਲੋਂ ਬਹੁਤ ਮਹੱਤਵਪੂਰਨ ਸੂਚਨਾ ਲੁਕਾ ਕੇ ਰੱਖੀ ਹੈ।

ਇਸ ਸਬੰਧ ’ਚ ਡੀ. ਐੱਚ. ਐੱਫ. ਐੱਲ. ਨੇ ਦਾਅਵਾ ਕੀਤਾ ਹੈ ਕਿ ਵਿੱਤੀ ਆਡਿਟ ਦੇ ਨਤੀਜੇ 13 ਜੁਲਾਈ ਨੂੰ ਦਿੱਤੇ ਗਏ ਅੰਕੜਿਆਂ ਅਨੁਸਾਰ ਹੀ ਦਿੱਤੇ ਗਏ ਹਨ ਪਰ ਆਡਿਟਰਾਂ ਨੇ ਦੱਸਿਆ ਹੈ ਕਿ ਕੰਪਨੀ ਨੂੰ ਕਰਜ਼ੇ ਅਤੇ ਪੂੰਜੀ ਦੇ ਸਬੰਧ ’ਚ ਔਕੜਾਂ ਦਾ ਸਾਹਮਣਾ ਕਰਨਾ ਹੋਵੇਗਾ।

ਦੋ ਆਡਿਟ ਕੰਪਨੀਆਂ ਨੇ ਇਹ ਸੰਕੇਤ ਦਿੱਤਾ ਹੈ ਕਿ ਡੀ. ਐੱਚ. ਐੱਫ. ਐੱਲ ’ਚ ਅਸੁਰੱਖਿਅਤ ਉਧਾਰੀਆਂ/ਕਰਜ਼ਿਆਂ ਦੇ ਰੋਲਓਵਰ ਅਤੇ ਗ੍ਰਾਂਟ ’ਚ ਬਹੁਤ ਸਾਰੀਆਂ ਮਹੱਤਵਪੂਰਨ ਤਰੁੱਟੀਆਂ ਵੇਖਣ ਨੂੰ ਮਿਲਿਆਂ ਹਨ ਅਤੇ ਇਨ੍ਹਾਂ ਦੇ ਨਾਲ-ਨਾਲ ਕਰਜ਼ਾ ਅਦਾਇਗੀਆਂ ਵਿਚ ਵੀ ਤਰੁੱਟੀਆਂ ਪਾਈਆਂ ਗਈਆਂ ਹਨ। ਆਡਿਟਰਾਂ ਨੇ ਅੱਗੇ ਦੱਸਿਆ ਹੈ ਕਿ ਡੀ. ਐੱਚ. ਐੱਫ. ਐੱਲ. ਇਨ੍ਹਾਂ ਮਾਮਲਿਆਂ ਬਾਬਤ ਲੋੜੀਂਦਾ ਜਵਾਬ ਜਾਂ ਸੂਚਨਾ ਪ੍ਰਦਾਨ ਕਰਨ ਤੋਂ ਅਸਫਲ ਰਹੀ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਹੈ ਕਿ ਸਾਰੀਆਂ ਉਧਾਰੀਆਂ/ਕਰਜ਼ਿਆਂ ਦੇ ਸਬੰਧ ’ਚ ਕੰਪਨੀ ਦੀਆਂ ਔਕੜਾਂ ਅਤੇ ਅਨੁਪਾਲਣ ਦੀ ਕਾਰਵਾਈ ’ਤੇ ਕੋਈ ਟਿੱਪਣੀ ਕਰਨ ਤੋਂ ਉਹ ਅਸਮਰਥ ਹਨ। ਭਾਵੇਂ ਕਿ ਡੀ. ਐੱਚ. ਐੱਫ. ਐੱਲ. ਨੇ ਇਹ ਤਾਂ ਮੰਨਿਆ ਹੈ ਕਿ ਇਸ ਦੇ ਅਸੁਰੱਖਿਅਤ ਕਰਜ਼ਿਆਂ ਅਤੇ ਕੁਝ ਹੋਰਨਾਂ ਕਰਜ਼ਿਆਂ ਦੇ ਸਬੰਧ ’ਚ ਕੁੱਝ ਦਸਤਾਵੇਜ਼ੀ ਤਰੁੱਟੀਆਂ ਹਨ ਪਰ ਇਸ ਦਾ ਮਤਲਬ ਇਹ ਨਹੀਂ ਇਸ ਨਾਲ ਕੋਈ ਮਾੜਾ ਪ੍ਰਭਾਵ ਪਵੇਗਾ।

ਸੰਕਟਾਂ ’ਚ ਘਿਰੀ ਡੀ. ਐੱਚ. ਐੱਫ. ਐੱਲ. ਨੇ ਕਿਹਾ ਕਿ ਆਪਣੇ ਸਾਧਾਰਨ ਕਾਰੋਬਾਰ ਦੌਰਾਨ ਮੁਸ਼ਕਿਲਾਂ ’ਤੇ ਕਾਬੂ ਪਾ ਲਿਆ ਜਾਵੇਗਾ ਅਤੇ ਕੰਪਨੀ ਨੇ ਆਸ ਪ੍ਰਗਟਾਈ ਹੈ ਕਿ ਰੈਜ਼ੋਲਿਊਸ਼ਨ ਪਲਾਨ ’ਚ ਆਪਣੇ ਕਰਜ਼ਦਾਤਿਆਂ ਨੂੰ ਸੰਤੁਸ਼ਟ ਕੀਤਾ ਜਾਵੇਗਾ।


author

Inder Prajapati

Content Editor

Related News