ਪੋਲਟਰੀ ਚਿਕਨ ਉਤਪਾਦ ਸੁਰੱਖਿਅਤ, ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ : ਸਰਕਾਰ

Wednesday, Feb 12, 2020 - 11:25 AM (IST)

ਪੋਲਟਰੀ ਚਿਕਨ ਉਤਪਾਦ ਸੁਰੱਖਿਅਤ, ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ : ਸਰਕਾਰ

ਨਵੀਂ ਦਿੱਲੀ — ਕੋਰੋਨਾ ਵਾਇਰਸ ਚੀਨ ’ਚ ਤਾਂ ਤਬਾਹੀ ਮਚਾ ਹੀ ਰਿਹਾ ਹੈ ਪਰ ਹੁਣ ਭਾਰਤ ’ਚ ਵੀ ਇਸ ਦੀ ਦਹਿਸ਼ਤ ਫੈਲਣ ਲੱਗੀ ਹੈ। ਦੇਸ਼ ਦੇ ਸਾਰੇ ਮੱਕੀ ਅਤੇ ਸੋਇਆ ਕਿਸਾਨ ਪੋਲਟਰੀ ਨਾਲ ਜੁਡ਼ੇ ਹੋਏ ਹਨ ਅਤੇ ਪੋਲਟਰੀ ਦਾ ਕਿੱਤਾ ਭਾਰਤ ਦੀ ਤਰੱਕੀ ਨਾਲ ਜੁੜਿਆ ਹੋਇਆ ਹੈ। ਅਜਿਹੇ ’ਚ ਪੋਲਟਰੀ ਕਾਰੋਬਾਰੀਆਂ ’ਚ ਕੋਰੋਨਾ ਦੀ ਚਿੰਤਾ ਜਾਇਜ਼ ਹੈ। ਹਾਲਾਂਕਿ ਸਰਕਾਰ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਕੋਰੋਨਾ ਵਾਇਰਸ ਦਾ ਪੋਲਟਰੀ ਚਿਕਨ ਉਤਪਾਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਪਸ਼ੂ ਪਾਲਣ ਮੰਤਰੀ ਗਿਰੀਰਾਜ ਸਿੰਘ ਨੇ ਆਪਣੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭਾਰਤ ਦੇ ਨਾਗਰਿਕਾਂ ਅਤੇ ਚਿਕਨ ਖਪਤਕਾਰਾਂ ਨੂੰ ਸੂਚਿਤ ਕਰਨ ਲਈ ਪੱਤਰ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਅਤੇ ਅਪੀਲ ਕੀਤੀ ਕਿ ਪੋਲਟਰੀ ਉਤਪਾਦਾਂ ਦਾ ਕੋਰੋਨਾ ਵਾਇਰਸ ਨਾਲ ਕੋਈ ਵੀ ਸਬੰਧ ਨਹੀਂ ਹੈ। ਪੋਲਟਰੀ ਚਿਕਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਦੇਸ਼ ਦੇ ਕੁਲ ਚਿਕਨ ਖਪਤਕਾਰ ਬਿਨਾਂ ਕਿਸੇ ਚਿੰਤਾ ਦੇ ਪੋਲਟਰੀ ਚਿਕਨ ਦੀ ਖਪਤ ਕਰ ਸਕਦੇ ਹਨ। ਨਾਗਰਿਕ ਇਸ ਤਰ੍ਹਾਂ ਦੀ ਕਿਸੇ ਵੀ ਮਨ-ਘੜਤ ਸੂਚਨਾ ’ਤੇ ਧਿਆਨ ਨਾ ਦੇਣ। ਜੇਕਰ ਇਸ ਸੂਚਨਾ ਪ੍ਰਤੀ ਕਿਸੇ ਵੀ ਨਾਗਰਿਕ ਜਾਂ ਸੰਸਥਾ ਨੂੰ ਸ਼ੱਕ ਹੈ ਤਾਂ ਭਾਰਤ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕਰਨ। ਇਸ ਸੰਦਰਭ ’ਚ ਆਈ. ਬੀ. ਗਰੁੱਪ ਦੇ ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ ਬਹਾਦੁਰ ਅਲੀ, ਨਿਰਦੇਸ਼ਕ ਗੁਲਰੇਜ ਆਲਮ, ਰਿੱਕੀ ਥਾਪਰ ਅਤੇ ਪੋਲਟਰੀ ਮਾਹਿਰ ਵਿਜੈ ਸਰਦਾਨਾ ਨੇ ਮੰਤਰੀ ਨਾਲ ਮੁਲਾਕਾਤ ਕਰ ਕੇ ਸੋਸ਼ਲ ਮੀਡੀਆ ’ਚ ਗੈ਼ਰ-ਸਮਾਜਿਕ ਤੱਤਾਂ ਵੱਲੋਂ ਪੋਲਟਰੀ ਖਪਤਕਾਰਾਂ ਅਤੇ ਪੋਲਟਰੀ ਕਾਰੋਬਾਰ ਨੂੰ ਗੁੰਮਰਾਹ ਕਰਨ ਦੀ ਜਾਣਕਾਰੀ ਦਿੱਤੀ।


Related News