ਪੀਰਾਮਲ ਫਾਰਮਾ ਚਾਲੂ ਵਿੱਤੀ ਸਾਲ ’ਚ 8.5 ਕਰੋੜ ਡਾਲਰ ਦਾ ਪੂੰਜੀਗਤ ਖਰਚ ਕਰੇਗੀ : ਚੇਅਰਪਰਸਨ
Monday, Oct 28, 2024 - 03:25 PM (IST)
ਨਵੀਂ ਦਿੱਲੀ (ਭਾਸ਼ਾ) - ਪੀਰਾਮਲ ਫਾਰਮਾ ਚਾਲੂ ਵਿੱਤੀ ਸਾਲ ’ਚ ਸਮਰੱਥਾ ਵਿਸਥਾਰ, ਰਖ-ਰਖਾਅ ਅਤੇ ਸੀ. ਡੀ. ਐੱਮ. ਓ. ਸਾਈਟ ਨੂੰ ਰੁਕਾਵਟ-ਮੁਕਤ ਕਰਨ ਸਮੇਤ ਵੱਖ-ਵੱਖ ਪਹਿਲਾਂ ’ਤੇ ਲੱਗਭਗ 8.5 ਕਰੋੜ ਡਾਲਰ ਦਾ ਪੂੰਜੀਗਤ ਖਰਚ ਕਰ ਰਹੀ ਹੈ। ਕੰਪਨੀ ਦੀ ਚੇਅਰਪਰਸਨ ਨੰਦਿਨੀ ਪੀਰਾਮਲ ਨੇ ਇਹ ਗੱਲ ਕਹੀ ਹੈ। ਮੁੰਬਈ ’ਚ ਮੁੱਖ ਦਫਤਰ ਵਾਲੀ ਇਸ ਕੰਪਨੀ ਦਾ ਟੀਚਾ ਵਿੱਤੀ ਸਾਲ 2029-30 ਤੱਕ ਆਪਣੀ ਆਮਦਨੀ ਨੂੰ 2 ਅਰਬ ਡਾਲਰ ਦੇ ਪਾਰ ਪਹੁੰਚਾਉਣ ਦਾ ਹੈ।
ਕੰਪਨੀ ਪਹਿਲਾਂ ਤੋਂ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਲੱਗਭਗ 3 ਕਰੋੜ ਡਾਲਰ ਦਾ ਨਿਵੇਸ਼ ਕਰ ਚੁੱਕੀ ਹੈ। ਪੀਰਾਮਲ ਨੇ ਕਿਹਾ,“ਉਮੀਦ ਹੈ ਕਿ ਇਸ ਸਾਲ ਪੂੰਜੀਗਤ ਖਰਚ ਪਿਛਲੇ ਸਾਲ ਦੇ ਇਸੇ ਪੱਧਰ ’ਤੇ ਰਹੇਗਾ, ਜੋ ਲੱਗਭਗ 8.5 ਕਰੋੜ ਡਾਲਰ ਹੈ।” ਉਨ੍ਹਾਂ ਕਿਹਾ ਕਿ ਪੂੰਜੀਗਤ ਖਰਚ ਦਾ ਇਕ ਹਿੱਸਾ ਘਰੇਲੂ ਬਾਜ਼ਾਰ ਲਈ ਨਿਯੋਜਿਤ ਕੀਤਾ ਗਿਆ ਹੈ, ਜਦੋਂਕਿ ਇਸ ਦਾ ਕੁੱਝ ਹਿੱਸਾ ਅਮਰੀਕੀ ਕਾਰੋਬਾਰ ’ਚ ਵੀ ਜਾਵੇਗਾ।
ਪੀਰਾਮਲ ਨੇ ਕਿਹਾ,“ਇਸ ਦਾ ਕੁੱਝ ਹਿੱਸਾ (ਲੱਗਭਗ 3 ਕਰੋੜ ਡਾਲਰ) ਰੱਖ-ਰੱਖਾਅ ਪੂੰਜੀਗਤ ਖਰਚ ਹੈ, ਅਤੇ ਬਾਕੀ ਤੇਲੰਗਾਨਾ ਅਤੇ ਦਹੇਜ (ਗੁਜਰਾਤ ) ਪਲਾਂਟਾਂ ’ਚ ਸਮਰੱਥਾ ਵਿਸਥਾਰ ਅਤੇ ਕੁੱਝ ਸੀ. ਡੀ. ਐੱਮ. ਓ. ਸਾਈਟ ਦੀ ਰੁਕਾਵਟ ਨੂੰ ਦੂਰ ਕਰਨ ’ਚ ਖਰਚ ਕੀਤਾ ਜਾਵੇਗਾ।” ਕੰਪਨੀ ਦਾ ਸਤੰਬਰ ਤਿਮਾਹੀ ਲਈ ਏਕੀਕ੍ਰਿਤ ਸ਼ੁੱਧ ਲਾਭ ਚਾਰ ਗੁਣਾ ਤੋਂ ਜ਼ਿਆਦਾ ਹੋ ਕੇ 23 ਕਰੋੜ ਰੁਪਏ ਰਿਹਾ ਹੈ। ਦਵਾਈ ਨਿਰਮਾਤਾ ਨੇ ਦੂਜੀ ਤਿਮਾਹੀ ਲਈ 2,242 ਕਰੋੜ ਰੁਪਏ ਦਾ ਮਾਲੀਆ ਵੀ ਦਰਜ ਕੀਤਾ, ਜਦੋਂਕਿ ਇਕ ਸਾਲ ਪਹਿਲਾਂ ਇਸੇ ਮਿਆਦ ’ਚ ਇਹ 1,911 ਕਰੋੜ ਰੁਪਏ ਸੀ।