ਕਾਕਪਿਟ 'ਚ ਬੰਦ ਹੋਇਆ ਪਾਇਲਟ, ਘੰਟਿਆਂ ਤੱਕ ਪਰੇਸ਼ਾਨ ਰਹੇ ਯਾਤਰੀ
Sunday, Aug 18, 2024 - 01:51 PM (IST)
ਨਵੀਂ ਦਿੱਲੀ - ਦੇਸ਼ ਦੀ ਰਾਜਧਾਨੀ ਦਿੱਲੀ ਦੇ ਆਈਜੀਆਈ ਏਅਰਪੋਰਟ ਦੇ ਟਰਮੀਨਲ-3 'ਤੇ ਸ਼ਨੀਵਾਰ ਨੂੰ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਗਰਾਊਂਡ ਸਟਾਫ ਨਾਲ ਝਗੜਾ ਹੋਣ ਤੋਂ ਬਾਅਦ ਏਅਰ ਇੰਡੀਆ ਦੇ ਪਾਇਲਟ ਨੇ ਆਪਣੇ ਆਪ ਨੂੰ ਕਾਕਪਿਟ ਵਿੱਚ ਬੰਦ ਕਰ ਲਿਆ। ਇਸ ਕਾਰਨ ਉਦੈਪੁਰ ਜਾਣ ਵਾਲੇ ਜਹਾਜ਼ ਦਾ ਗੇਟ ਨਾ ਖੁੱਲ੍ਹਣ ਕਾਰਨ ਯਾਤਰੀਆਂ ਨੂੰ ਏਅਰੋਬ੍ਰਿਜ ਵਿੱਚ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ। ਬਾਅਦ ਵਿੱਚ ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਉਦੈਪੁਰ ਭੇਜ ਦਿੱਤਾ ਗਿਆ।
ਘਟਨਾ ਸ਼ਨੀਵਾਰ ਦੁਪਹਿਰ 1:30 ਵਜੇ ਦੀ ਹੈ। ਏਅਰਕ੍ਰਾਫਟ ਨੰਬਰ AI-469 ਦੇ ਪਾਇਲਟ ਅਤੇ ਗਰਾਊਂਡ ਸਟਾਫ ਵਿਚਾਲੇ ਝਗੜਾ ਹੋ ਗਿਆ। ਇਸ ਤੋਂ ਨਾਰਾਜ਼ ਹੋ ਕੇ ਪਾਇਲਟ ਨੇ ਖੁਦ ਨੂੰ ਕਾਕਪਿਟ 'ਚ ਬੰਦ ਕਰ ਲਿਆ ਅਤੇ ਜਹਾਜ਼ ਨੂੰ ਉਡਾਉਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਯਾਤਰੀ ਏਅਰੋਬ੍ਰਿਜ 'ਤੇ ਪਹੁੰਚ ਗਏ ਪਰ ਜਹਾਜ਼ ਦਾ ਗੇਟ ਨਾ ਖੁੱਲ੍ਹਣ ਕਾਰਨ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ। ਗੁੱਸੇ 'ਚ ਆਏ ਯਾਤਰੀਆਂ ਨੇ ਸੋਸ਼ਲ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।
ਯਾਤਰੀਆਂ ਨੇ ਦੋਸ਼ ਲਾਇਆ ਕਿ ਜਦੋਂ ਜਹਾਜ਼ ਨੇ ਟੇਕ ਆਫ ਹੀ ਨਹੀਂ ਕਰਨਾ ਸੀ ਤਾਂ ਫਿਰ ਏਅਰੋਬ੍ਰਿਜ ਨੂੰ ਬੋਰਡਿੰਗ ਲਈ ਖੋਲ੍ਹਣ ਦੀ ਕੀ ਲੋੜ ਸੀ। ਅਸੀਂ ਇੱਕ ਛੋਟੇ ਜਿਹੇ ਗਲਿਆਰੇ ਵਿੱਚ ਫਸਿਆ ਮਹਿਸੂਸ ਕੀਤਾ। ਜਹਾਜ਼ ਦਾ ਗੇਟ ਕਿਉਂ ਨਹੀਂ ਖੋਲ੍ਹਿਆ ਜਾ ਰਿਹਾ, ਇਸ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ ਗਈ। ਯਾਤਰੀਆਂ ਦੇ ਹੰਗਾਮੇ ਤੋਂ ਬਾਅਦ ਏਅਰ ਇੰਡੀਆ ਨੇ ਅਫਸੋਸ ਜਤਾਇਆ ਅਤੇ ਦੂਜੇ ਜਹਾਜ਼ ਦਾ ਇੰਤਜ਼ਾਮ ਕੀਤਾ। ਸੋਸ਼ਲ ਮੀਡੀਆ 'ਤੇ ਸ਼ਿਕਾਇਤਾਂ ਤੋਂ ਬਾਅਦ, ਏਅਰ ਇੰਡੀਆ ਨੇ ਆਪਣੇ ਅਧਿਕਾਰਤ ਹੈਂਡਲ 'ਤੇ ਕਿਹਾ ਕਿ ਉਡਾਣ ਦੇ ਸਮੇਂ ਵਿੱਚ ਦੇਰੀ ਅਣਚਾਹੇ ਕਾਰਨਾਂ ਕਰਕੇ ਹੋਈ ਹੈ।