ਵੱਡੀ ਖ਼ਬਰ! ਫਾਈਜ਼ਰ ਕੋਵਿਡ-19 ਟੀਕੇ ਲਈ ਜਲਦ ਲੈਣ ਜਾ ਰਹੀ ਹੈ ਮਨਜ਼ੂਰੀ

Wednesday, Nov 18, 2020 - 05:37 PM (IST)

ਵਾਸ਼ਿੰਗਟਨ- ਫਾਈਜ਼ਰ ਤੇ ਬਾਇਓਨਟੈਕ ਨੇ ਬੁੱਧਵਾਰ ਨੂੰ ਕਿਹਾ ਕਿ ਅੰਕੜਿਆਂ ਦੇ ਅੰਤਿਮ ਵਿਸ਼ਲੇਸ਼ਣ ਦੇ ਨਤੀਜਿਆਂ ਵਿਚ ਉਨ੍ਹਾਂ ਦਾ ਕੋਰੋਨਾ ਵਾਇਰਸ ਟੀਕਾ ਸੰਕਰਮਣ ਨੂੰ ਰੋਕਣ ਵਿਚ 95 ਫ਼ੀਸਦੀ ਪ੍ਰਭਾਵੀ ਪਾਇਆ ਗਿਆ ਹੈ ਅਤੇ ਉਹ ਦਿਨਾਂ ਦੇ ਅੰਦਰ-ਅੰਦਰ ਇਸ ਦੀ ਮਨਜ਼ੂਰੀ ਲੈਣ ਲਈ ਬਿਨੈ ਪੱਤਰ ਦੇਣ ਵਾਲੇ ਹਨ।

ਦਵਾ ਨਿਰਮਾਤਾਵਾਂ ਨੇ ਕਿਹਾ ਕਿ ਇਹ ਹਰ ਉਮਰ ਅਤੇ ਵਰਗ 'ਤੇ ਪ੍ਰਭਾਵਸ਼ਾਲੀ ਰਿਹਾ। ਕੰਪਨੀਆਂ ਨੇ ਕਿਹਾ ਕਿ ਰਿਸਰਚਰਸ ਨੂੰ ਸੁਰੱਖਿਆ ਸਬੰਧੀ ਕੋਈ ਗੰਭੀਰ ਚਿੰਤਾ ਨਹੀਂ ਮਿਲੀ ਹੈ। ਬਜ਼ੁਰਗਾਂ ਵਿਚ ਇਸ ਦਾ ਪ੍ਰਭਾਵ 94 ਫ਼ੀਸਦੀ ਦਿਸਿਆ, ਜਿਨ੍ਹਾਂ ਨੂੰ ਕੋਵਿਡ-19 ਦੇ ਸਭ ਤੋਂ ਵੱਧ ਜ਼ੋਖਮ ਵਜੋਂ ਵੇਖਿਆ ਜਾਂਦਾ ਹੈ। ਕੰਪਨੀਆਂ ਨੇ ਕਿਹਾ ਕਿ 'ਬੀਐੱਨਟੀ162ਬੀ2' ਟੀਕਾ ਪਹਿਲੀ ਖੁਰਾਕ ਤੋਂ 28 ਦਿਨਾਂ ਬਾਅਦ ਵਾਇਰਸ ਦੇ ਵਿਰੁੱਧ ਬਹੁਤ ਪ੍ਰਭਾਵਸ਼ਾਲੀ ਸੀ।

ਬਾਇਓਨਟੈਕ ਦੇ ਸੀ.ਈ.ਓ.ਉਗੂਰ ਸਾਹਿਨ ਨੇ ਇਕ ਬਿਆਨ ਵਿਚ ਕਿਹਾ, “ਅੰਕੜੇ ਦਰਸਾਉਂਦੇ ਹਨ ਕਿ ਸਾਡਾ ਟੀਕਾ ਕੋਵਿਡ-19 ਵਿਰੁੱਧ ਪਹਿਲੀ ਖੁਰਾਕ ਤੋਂ 29 ਦਿਨਾਂ ਬਾਅਦ ਹੀ ਉੱਚ ਦਰ ਦੀ ਸੁਰੱਖਿਆ ਦੇਣ ਦੇ ਯੋਗ ਹੈ।'' ਗੌਰਤਲਬ ਹੈ ਕਿ ਹਾਲ ਵਿਚ ਫਾਈਜ਼ਰ ਨੇ ਅੰਤਰਿਮ ਨਤੀਜਿਆਂ ਵਿਚ ਇਸ ਦੇ 90 ਫ਼ੀਸਦੀ ਪ੍ਰਭਾਵੀ ਹੋਣ ਦੀ ਘੋਸ਼ਣ ਕੀਤੀ ਸੀ। ਫਾਈਜ਼ਰ ਤੇ ਬਾਇਓਨਟੈਕ ਮਿਲ ਕੇ ਕੋਵਿਡ ਟੀਕਾ ਵਿਕਸਤ ਕਰ ਰਹੇ ਹਨ। ਹੁਣ ਜਲਦ ਹੀ ਇਨ੍ਹਾਂ ਵੱਲੋਂ ਇਸ ਦੀ ਅਧਿਕਾਰਤ ਵਰਤੋਂ ਦੀ ਮਨਜ਼ੂਰੀ ਲਈ ਅਮਰੀਕੀ ਦਵਾ ਨਿਗਰਾਨ ਕੋਲ ਬਿਨੈ ਪੱਤਰ ਦਿੱਤਾ ਜਾਵੇਗਾ। ਫਾਈਜ਼ਰ ਤੇ ਬਾਇਓਨਟੈਕ ਨੂੰ 2020 ਸਮਾਪਤ ਹੋਣ ਤੱਕ 5 ਕਰੋੜ ਖ਼ੁਰਾਕਾਂ ਤਿਆਰ ਕਰ ਲੈਣ ਦੀ ਉਮੀਦ ਹੈ।


Sanjeev

Content Editor

Related News