ਸਰਦੀਆਂ ਖ਼ਤਮ ਹੁੰਦੇ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਣਗੀਆਂ : ਪ੍ਰਧਾਨ

Friday, Feb 26, 2021 - 03:51 PM (IST)

ਸਰਦੀਆਂ ਖ਼ਤਮ ਹੁੰਦੇ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਣਗੀਆਂ : ਪ੍ਰਧਾਨ

ਨਵੀਂ ਦਿੱਲੀ- ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਇਸ ਸਾਲ ਭਾਰੀ ਵਾਧਾ ਹੋ ਚੁੱਕਾ ਹੈ। ਇਸ ਨਾਲ ਦੇਸ਼ ਵਿਚ ਪੈਟਰੋਲ ਜਿੱਥੇ ਕਈ ਜਗ੍ਹਾ 100 ਰੁਪਏ 'ਤੇ ਪਹੁੰਚ ਚੁੱਕਾ ਹੈ, ਉੱਥੇ ਹੀ ਡੀਜ਼ਲ 80 ਰੁਪਏ ਨੂੰ ਪਾਰ ਕਰ ਗਿਆ ਹੈ। ਇਸ ਵਿਚਕਾਰ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਦੀਆਂ ਖ਼ਤਮ ਹੁੰਦੇ ਹੀ ਪੈਟਰੋਲ-ਡੀਜ਼ਲ ਕੀਮਤਾਂ ਵਿਚ ਕਮੀ ਆ ਸਕਦੀ ਹੈ।

ਪ੍ਰਧਾਨ ਨੇ ਕਿਹਾ, ''ਕੌਮਾਂਤਰੀ ਬਾਜ਼ਾਰ ਵਿਚ ਪੈਟਰੋਲੀਅਮ ਕੀਮਤਾਂ ਵਿਚ ਹੋਏ ਵਾਧੇ ਕਾਰਨ ਖ਼ਪਤਕਾਰ ਪ੍ਰਭਾਵਿਤ ਹੋਏ ਹਨ। ਸਰਦੀਆਂ ਖ਼ਤਮ ਹੋ ਰਹੀਆਂ ਹਨ, ਕੀਮਤਾਂ ਵੀ ਥੋੜ੍ਹੀਆਂ ਘੱਟ ਜਾਣਗੀਆਂ।''

 

ਉਨ੍ਹਾਂ ਕਿਹਾ ਕਿ ਸਰਦੀਆਂ ਵਿਚ ਮੰਗ ਵਧਣ ਕਾਰਨ ਕੌਮਾਂਤਰੀ ਬਾਜ਼ਾਰ ਵਿਚ ਕੀਮਤਾਂ ਵਿਚ ਉਛਾਲ ਆਇਆ ਹੈ। ਸੀਜ਼ਨ ਖ਼ਤਮ ਹੁੰਦੇ ਹੀ ਇਸ ਵਿਚ ਕਮੀ ਆ ਜਾਵੇਗੀ। ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਜੀ. ਐੱਸ. ਟੀ. ਕੌਂਸਲ ਨੂੰ ਪੈਟਰੋਲ ਪਦਾਰਥਾਂ ਨੂੰ ਜੀ. ਐੱਸ. ਟੀ. ਦੇ ਦਾਇਰੇ ਵਿਚ ਲਿਆਉਣ ਦੀ ਬੇਨਤੀ ਕੀਤੀ ਹੈ। ਜੇਕਰ ਪੈਟਰੋਲੀਅਮ ਨੂੰ ਜੀ. ਐੱਸ. ਟੀ. ਵਿਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਆਮ ਆਦਮੀ ਨੂੰ ਇਸ ਨਾਲ ਰਾਹਤ ਮਿਲੇਗੀ, ਨਾਲ ਹੀ ਦੇਸ਼ ਦੇ ਤੇਲ ਅਤੇ ਗੈਸ ਖੇਤਰ ਦੇ ਵਿਕਾਸ ਨੂੰ ਵੀ ਇਸ ਨਾਲ ਮਦਦ ਮਿਲੇਗੀ।


author

Sanjeev

Content Editor

Related News