ਅੱਜ ਨਹੀਂ ਬਦਲੇ ਪੈਟਰੋਲ-ਡੀਜ਼ਲ ਦੇ ਰੇਟ, ਓਪੇਕ ਦੇ ਫੈਸਲੇ ''ਤੇ ਨਜ਼ਰ!
Wednesday, Jun 13, 2018 - 09:55 AM (IST)

ਨਵੀਂ ਦਿੱਲੀ— ਪੈਟਰੋਲ ਅਤੇ ਡੀਜ਼ਲ 'ਤੇ ਲਗਾਤਾਰ 14 ਦਿਨ ਰਾਹਤ ਮਿਲਣ ਦੇ ਬਾਅਦ ਅੱਜ ਕੀਮਤਾਂ ਸਥਿਰ ਹਨ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਕੋਈ ਵਾਧਾ ਜਾਂ ਕਟੌਤੀ ਨਹੀਂ ਕੀਤੀ ਹੈ। ਉਂਝ ਪਿਛਲੇ 14 ਦਿਨਾਂ 'ਚ ਪੈਟਰੋਲ 2 ਰੁਪਏ ਅਤੇ ਡੀਜ਼ਲ 1 ਰੁਪਏ 46 ਪੈਸੇ ਸਸਤਾ ਹੋ ਚੁੱਕਾ ਹੈ। ਦਿੱਲੀ 'ਚ ਪੈਟਰੋਲ ਬੀਤੇ ਦਿਨ ਤੋਂ 76.43 ਰੁਪਏ ਅਤੇ ਡੀਜ਼ਲ 67.85 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ਦੀ ਕੀਮਤ 84.26 ਰੁਪਏ ਅਤੇ ਡੀਜ਼ਲ ਦੀ ਕੀਮਤ 72.24 ਰੁਪਏ ਹੈ। ਮੁੰਬਈ 'ਚ ਪੈਟਰੋਲ ਅਤੇ ਡੀਜ਼ਲ ਦੋਵੇਂ ਬਾਕੀ ਸ਼ਹਿਰਾਂ ਨਾਲੋਂ ਮਹਿੰਗੇ ਹਨ।
ਉੱਥੇ ਹੀ ਪੰਜਾਬ 'ਚ ਪੈਟਰੋਲ ਗੁਆਂਢੀ ਸੂਬਿਆਂ ਨਾਲੋਂ ਮਹਿੰਗਾ ਹੈ। ਪੰਜਾਬ 'ਚ ਪੈਟਰੋਲ ਮਹਿੰਗਾ ਹੋਣ ਦਾ ਕਾਰਨ ਇੱਥੇ ਲੱਗਣ ਵਾਲਾ ਸਥਾਨਕ ਟੈਕਸ ਹੈ। ਹਰਿਆਣਾ, ਹਿਮਾਚਲ, ਚੰਡੀਗੜ੍ਹ ਅਤੇ ਦਿੱਲੀ ਦੇ ਮੁਕਾਬਲੇ ਪੰਜਾਬ 'ਚ ਪੈਟਰੋਲ 'ਤੇ ਸਭ ਤੋਂ ਵਧ ਵੈਟ ਹੈ। ਪੰਜਾਬ ਦੇ ਲੋਕ ਇਕ ਲੀਟਰ ਪੈਟਰੋਲ 'ਤੇ 35.35 ਫੀਸਦੀ ਵੈਟ ਚੁਕਾ ਰਹੇ ਹਨ।
ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਜਲੰਧਰ 'ਚ ਬੁੱਧਵਾਰ ਨੂੰ ਵੀ ਪੈਟਰੋਲ ਦੀ ਕੀਮਤ 81.64 ਰੁਪਏ ਅਤੇ ਡੀਜ਼ਲ ਦੀ 67.77 ਰੁਪਏ ਪ੍ਰਤੀ ਲੀਟਰ ਹੀ ਹੈ। ਉੱਥੇ ਹੀ ਅੰਮ੍ਰਿਤਸਰ ਸ਼ਹਿਰ 'ਚ ਪੈਟਰੋਲ ਦੀ ਕੀਮਤ 82.18 ਰੁਪਏ ਅਤੇ ਡੀਜ਼ਲ ਦੀ ਕੀਮਤ 68.24 ਰੁਪਏ ਹੈ। ਇਸੇ ਤਰ੍ਹਾਂ ਲੁਧਿਆਣਾ 'ਚ ਪੈਟਰੋਲ ਦੀ ਕੀਮਤ 81.94 ਰੁਪਏ ਅਤੇ ਡੀਜ਼ਲ ਦੀ 68.01 ਰੁਪਏ ਹੈ। ਹੁਸ਼ਿਆਰਪੁਰ 'ਚ ਪੈਟਰੋਲ ਦੀ ਕੀਮਤ 81.72 ਤੋਂ 81.83 ਰੁਪਏ ਤਕ ਹੈ, ਜਦੋਂ ਕਿ ਡੀਜ਼ਲ ਦਾ ਰੇਟ 67.92 ਰੁਪਏ ਤਕ ਹੈ। ਚੰਡੀਗੜ੍ਹ 'ਚ ਪੈਟਰੋਲ 73.51 ਰੁਪਏ 'ਚ ਅਤੇ ਡੀਜ਼ਲ 65.89 ਰੁਪਏ 'ਚ ਵਿਕ ਰਿਹਾ ਹੈ।
22 ਜੂਨ ਨੂੰ ਓਪੇਕ ਦੀ ਹੋਵੇਗੀ ਬੈਠਕ
22 ਜੂਨ ਨੂੰ ਪੈਟਰੋਲੀਅਮ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਅਤੇ ਰੂਸ ਦੀ ਮੀਟਿੰਗ ਹੈ। ਬਾਜ਼ਾਰ ਮਾਹਰਾਂ ਮੁਤਾਬਕ ਉਸ ਤੋਂ ਪਹਿਲਾਂ ਕੀਮਤਾਂ ਸਥਿਰ ਰਹਿਣ ਦਾ ਅੰਦਾਜ਼ਾ ਹੈ। ਇਸ ਵਾਰ ਓਪੇਕ ਦੀ ਮੀਟਿੰਗ ਕਾਫੀ ਮਹੱਤਵਪੂਰਨ ਹੈ। ਸਭ ਦੀ ਨਜ਼ਰ ਇਸ ਗੱਲ 'ਤੇ ਹੈ ਕਿ ਤੇਲ ਸਪਲਾਈ ਨੂੰ ਲੈ ਕੇ ਓਪੇਕ ਦੇਸ਼ ਕੀ ਫੈਸਲਾ ਲੈਂਦੇ ਹਨ। ਜੇਕਰ 22 ਜੂਨ ਨੂੰ ਓਪੇਕ ਦੇਸ਼ ਸਪਲਾਈ ਵਧਾਉਣ ਦਾ ਫੈਸਲਾ ਲੈਂਦੇ ਹਨ, ਤਾਂ ਕੱਚੇ ਤੇਲ 'ਚ ਗਿਰਾਵਟ ਵਧ ਸਕਦੀ ਹੈ। ਇਹ 70 ਡਾਲਰ ਪ੍ਰਤੀ ਬੈਰਲ ਤਕ ਵੀ ਆ ਸਕਦਾ ਹੈ। ਹਾਲਾਂਕਿ ਆਮ ਲੋਕਾਂ ਨੂੰ ਰਾਹਤ ਦੇਣ ਲਈ ਸੂਬਾ ਸਰਕਾਰਾਂ ਨੂੰ ਵੀ ਕਦਮ ਚੁੱਕਣੇ ਹੋਣਗੇ।