ਹੁਣ ਪੈਟਰੋਲ ਤੇ CNG ਦੀ ਹੋਮ ਡਿਲਿਵਰੀ ਸ਼ੁਰੂ ਕਰਨ ਦੀ ਤਿਆਰੀ ''ਚ ਸਰਕਾਰ

05/30/2020 5:08:21 PM

ਨਵੀਂ ਦਿੱਲੀ (ਭਾਸ਼ਾ) : ਸਰਕਾਰ ਖਪਤਕਾਰਾਂ ਦੀ ਸਹੂਲਤ ਲਈ ਡੀਜ਼ਲ ਤੋਂ ਬਾਅਦ ਹੁਣ ਪੈਟਰੋਲ ਅਤੇ ਸੀ.ਐੱਨ.ਜੀ. ਵਰਗੇ ਇੰਧਨਾਂ ਦੀ ਹੋਮ ਡਿਲਿਵਰੀ ਸ਼ੁਰੂ ਕਰਨ 'ਤੇ ਵਿਚਾਰ ਕਰ ਰਹੀ ਹੈ। ਕੇਂਦਰੀ ਪੈਟਰੋਲਿਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਸਰਕਾਰ ਸਾਰੇ ਪ੍ਰਕਾਰ ਦੇ ਇੰਧਨਾਂ 'ਪੈਟਰੋਲ, ਡੀਜ਼ਲ, ਸੀ.ਐੱਨ.ਜੀ. (ਕੰਪਰੈੱਸ ਕੁਦਰਤੀ ਗੈਸ), ਐੱਲ.ਐੱਨ.ਜੀ. (ਤਰਲ ਕੁਦਰਤੀ ਗੈਸ) ਅਤੇ ਐੱਲ.ਪੀ.ਜੀ. (ਤਰਲ ਪੈਟਰੋਲੀਅਮ ਗੈਸ ਯਾਨੀ ਰਸੋਈ ਗੈਸ) ਲਈ ਪ੍ਰਚੂਨ ਵਿਕਰੀ ਦਾ ਨਵਾਂ ਸਰੂਪ ਸਾਹਮਣੇ ਲਿਆਉਣ 'ਤੇ ਵਿਚਾਰ ਕਰ ਰਹੀ ਹੈ। ਇਸ ਨਵੇਂ ਸਰੂਪ ਵਿਚ ਇਹ ਸਾਰੇ ਇੰਧਣ ਇਕ ਹੀ ਜਗ੍ਹਾ 'ਤੇ ਵਿਕਰੀ ਲਈ ਉਪਲੱਬਧ ਹੋਣਗੇ। ਦੇਸ਼ ਦੀ ਸਭ ਤੋਂ ਵੱਡੀ ਪ੍ਰਚੂਨ ਇੰਧਣ ਕੰਪਨੀ ਇੰਡੀਅਨ ਆਇਲ ਕਾਰਪ (ਆਈ.ਓ.ਸੀ.) ਨੇ ਸਤੰਬਰ 2018 ਵਿਚ ਇਕ ਮੋਬਾਇਲ ਡਿਸਪੈਂਸਰ ਜ਼ਰੀਏ ਡੀਜ਼ਲ ਦੀ ਹੋਮ ਡਿਲਿਵਰੀ ਸ਼ੁਰੂ ਕੀਤੀ। ਹਾਲਾਂਕਿ ਇਹ ਸੇਵਾ ਅਜੇ ਸਿਰਫ ਕੁੱਝ ਸ਼ਹਿਰਾਂ ਵਿਚ ਹੀ ਉਪਲੱਬਧ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇਹ ਇੰਧਣ ਬਹੁਤ ਜ਼ਿਆਦਾ ਜਲਣਸ਼ੀਲ ਹਨ। ਇਸ ਕਾਰਨ ਇਨ੍ਹਾਂ ਦੀ ਹੋਮ ਡਿਲਿਵਰੀ ਕਾਫ਼ੀ ਜੋਖਮ ਭਰਪੂਰ ਹੈ। ਇਸ ਦੇ ਲਈ ਸਬੰਧਤ ਅਧਿਕਾਰੀਆਂ ਨੂੰ ਸੁਰੱਖਿਅਤ ਤਰੀਕਿਆਂ ਨੂੰ ਵਿਕਸਤ ਕਰਨ ਅਤੇ ਉਨ੍ਹਾਂ ਨੂੰ ਮਨਜ਼ੂਰ ਕਰਨ ਦੀ ਜ਼ਰੂਰਤ ਪਵੇਗੀ। ਪ੍ਰਧਾਨ ਨੇ 11 ਸੂਬਿਆਂ ਵਿਚ 56 ਨਵੇਂ ਸੀ.ਐੱਨ.ਜੀ. ਸਟੇਸ਼ਨਾਂ ਦਾ ਉਦਘਾਟਨ ਕਰਦੇ ਹੋਏ ਇਕ ਸਮਾਰੋਹ ਵਿਚ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਡੀਜ਼ਲ ਲਈ ਮੋਬਾਇਲ ਡਿਸਪੈਂਸਰ ਦੀ ਸ਼ੁਰੂਆਤ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮਾਸਕ ਕਾਰਨ ਲਿਪਸਟਿਕ ਦੀ ਸੇਲ 'ਚ ਆਈ ਗਿਰਾਵਟ, ਕੱਜਲ ਤੇ ਆਈਸ਼ੈਡੋ ਦੀ ਖਰੀਦਾਰੀ 'ਚ ਵਾਧਾ

ਇਕ ਆਧਿਕਾਰਤ ਬਿਆਨ ਵਿਚ ਪ੍ਰਧਾਨ ਦੇ ਹਵਾਲੇ ਤੋਂ ਕਿਹਾ ਗਿਆ, ਇਹ ਪੈਟਰੋਲ ਅਤੇ ਐੱਲ.ਐੱਨ.ਜੀ. ਲਈ ਵੀ ਸ਼ੁਰੂ ਕੀਤਾ ਜਾ ਸਕਦਾ ਹੈ। ਮੰਤਰੀ ਨੇ ਕਿਹਾ ਕਿ ਭਵਿੱਖ ਵਿਚ ਲੋਕ ਇੰਧਣਾਂ ਦੀ ਹੋਮ ਡਿਲਿਵਰੀ ਪਾਉਣ ਵਿਚ ਸਮਰਥ ਹੋਣਗੇ। ਸਰਕਾਰ ਊਰਜਾ ਦੀ ਯੋਗਤਾ, ਕਿਫਾਇਤ ਦਰ, ਸੁਰੱਖਿਆ ਅਤੇ ਉਪਲਬੱਧਤਾ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ, ਗਾਹਕਾਂ ਨੂੰ ਇਕ ਹੀ ਸਥਾਨ 'ਤੇ ਜਾਣਾ ਹੋਵੇਗਾ, ਜਿੱਥੇ ਸਾਰੇ ਪ੍ਰਕਾਰ ਦੇ ਇੰਧਣ- ਪੈਟਰੋਲ, ਡੀਜ਼ਲ, ਸੀ.ਐੱਨ.ਜੀ., ਐੱਲ.ਐੱਨ.ਜੀ. ਅਤੇ ਐੱਲ.ਪੀ.ਜੀ. ਉਪਲੱਬਧ ਕਰਾਏ ਜਾਣਗੇ। ਮੰਤਰੀ ਨੇ ਕਿਹਾ ਕਿ ਵਾਹਨਾਂ ਅਤੇ ਪਾਈਪਲਾਇਨ ਤੋਂ ਰਸੋਈ ਵਿਚ ਸੀ.ਐੱਨ.ਜੀ. ਦੀ ਸਪਲਾਈ ਕਰਨ ਵਾਲਾ ਸ਼ਹਿਰੀ ਗੈਸ ਨੈੱਟਵਰਕ ਜਲਦ ਹੀ ਦੇਸ਼ ਦੀ 72 ਫ਼ੀਸਦੀ ਆਬਾਦੀ ਤੱਕ ਪੁੱਜਣ ਲੱਗੇਗਾ। ਇਸ ਮੌਕੇ 'ਤੇ ਪ੍ਰਧਾਨ ਨੇ ਗੁਜਰਾਤ, ਹਰਿਆਣਾ,  ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਨਵੀਂ ਦਿੱਲੀ, ਪੰਜਾਬ, ਰਾਜਸਥਾਨ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਵਿਚ 56 ਨਵੇਂ ਸੀ.ਐੱਨ.ਜੀ. ਸਟੇਸ਼ਨਾਂ ਦਾ ਉਦਘਾਟਨ ਕੀਤਾ।

ਇਹ ਵੀ ਪੜ੍ਹੋ : ਜਾਣੋ ਕਿੰਨਾ ਮਹਿੰਗਾ ਪੈ ਸਕਦੈ EMI ਟਾਲਣ ਦਾ ਫੈਸਲਾ

ਅਜੇ ਸ਼ਹਿਰੀ ਗੈਸ ਨੈੱਟਵਰਕ ਵਿਚ 2,200 ਤੋਂ ਜ਼ਿਆਦਾ ਸੀ.ਐੱਨ.ਜੀ. ਆਉਟਲੈਟ ਸ਼ਾਮਲ ਹਨ ਅਤੇ ਪਾਈਪਲਾਇਨ ਜ਼ਰੀਏ ਲਗਭੱਗ 61 ਲੱਖ ਲੋਕਾਂ ਤੱਕ ਰਸੋਈ ਵਿਚ ਪੀ.ਐੱਨ.ਜੀ. ਦੀ ਸਪਲਾਈ ਕੀਤੀ ਜਾ ਰਹੀ ਹੈ। ਪ੍ਰਧਾਨ ਨੇ ਕਿਹਾ ਕਿ ਦੇਸ਼ ਗੈਸ ਆਧਾਰਿਤ ਅਰਥ ਵਿਵਸਥਾ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀ.ਐੱਨ.ਜੀ. ਦੇ ਖਪਤਕਾਰਾਂ ਦੀ ਗਿਣਤੀ 2014 ਵਿਚ 25.4 ਲੱਖ ਸੀ, ਜੋ ਹੁਣ ਵੱਧ ਕੇ 60.68 ਲੱਖ ਹੋ ਗਈ ਹੈ। ਉਦਯੋਗਿਕ ਗੈਸ ਕੁਨੈਕਸ਼ਨ 28 ਹਜ਼ਾਰ ਤੋਂ ਵੱਧ ਕੇ 41 ਹਜ਼ਾਰ ਹੋ ਗਏ ਹਨ। ਇਸੇ ਤਰ੍ਹਾਂ ਸੀ.ਐੱਨ.ਜੀ. ਵਾਹਨਾਂ ਦੀ ਗਿਣਤੀ 22 ਲੱਖ ਤੋਂ ਵੱਧ ਕੇ 34 ਲੱਖ ਹੋ ਗਈ ਹੈ।


cherry

Content Editor

Related News