ਰੇਟ ਵਧਣ ਦੇ ਖਦਸ਼ੇ ਕਾਰਨ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ’ਚ ਜ਼ੋਰਦਾਰ ਉਛਾਲ

03/17/2022 12:43:51 PM

ਨਵੀਂ ਦਿੱਲੀ (ਭਾਸ਼ਾ) – ਵਿਧਾਨ ਸਭਾ ਚੋਣਾਂ ਤੋਂ ਬਾਅਦ ਵਾਹਨ ਈਂਧਨ ਦੇ ਰੇਟ ਵਧਣ ਦੀਆਂ ਅਟਕਲਾਂ ਕਾਰਨ ਮਾਰਚ ਮਹੀਨੇ ਦੇ ਪਹਿਲੇ 15 ਦਿਨ ਦੇਸ਼ ’ਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਨੂੰ ਪਾਰ ਕਰ ਗਈ। ਰੇਟ ਵਧਣ ਦੇ ਖਦਸ਼ੇ ਕਾਰਨ ਖਪਤਕਾਰ ਅਤੇ ਡੀਲਰ ਗੱਡੀਆਂ ਦੀਆਂ ਟੈਂਕੀਆਂ ਪੂਰੀ ਤਰ੍ਹਾਂ ਭਰਵਾ ਰਹੇ ਹਨ। ਉਦਯੋਗ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਲਗਭਗ 90 ਫੀਸਦੀ ਬਾਜ਼ਾਰ ’ਤੇ ਕੰਟਰੋਲ ਰੱਖਣ ਵਾਲੀਆਂ ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਦੀ ਪੈਟਰੋਲ ਦੀ ਵਿਕਰੀ ਇਕ ਤੋਂ 15 ਮਾਰਚ ਦਰਮਿਆਨ 12.3 ਲੱਖ ਟਨ ਰਹੀ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 18 ਫੀਸਦੀ ਅਤੇ 2019 ਦੀ ਤੁਲਨਾ ’ਚ 24.4 ਫੀਸਦੀ ਵੱਧ ਹੈ। ਉੱਥੇ ਹੀ ਡੀਜ਼ਲ ਦੀ ਸਾਲਾਨਾ ਆਧਾਰ ’ਤੇ ਵਿਕਰੀ 23.7 ਫੀਸਦੀ ਦੇ ਵਾਧੇ ਨਾਲ 35.3 ਲੱਖ ਟਨ ਅਤੇ 2019 ਦੇ ਮੁਕਾਬਲੇ 17.3 ਫੀਸਦੀ ਰਹੀ।

ਅੰਕੜਿਆਂ ਮੁਤਾਬਕ 1-15 ਮਾਰਚ 2020 ਦੌਰਾਨ ਹੋਈ ਵਿਕਰੀ ਦੇ ਮੁਕਾਬਲੇ ਇਸ ਸਾਲ ਪੈਟਰੋਲ 24.3 ਫੀਸਦੀ ਅਤੇ ਡੀਜ਼ਲ 33.5 ਫੀਸਦੀ ਵੱਧ ਰਿਹਾ। ਉੱਥੇ ਹੀ ਪਿਛਲੇ ਮਹੀਨੇ ਦੇ ਮੁਕਾਬਲੇ ਪੈਟਰੋਲ ਦੀ ਵਿਕਰੀ 18.8 ਫੀਸਦੀ ਵੱਧ ਅਤੇ ਡੀਜ਼ਲ ਦੀ 32.8 ਫੀਸਦੀ ਵੱਧ ਰਹੀ। ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਕਿਹਾ ਸੀ ਕਿ ਕੁੱਝ ਇਸ ਤਰ੍ਹਾਂ ਦੀਆਂ ਟਿੱਪਣੀਆਂ ਆਈਆਂ ਹਨ ਕਿ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਤੋਂ ਪਹਿਲਾਂ ਆਪਣੀਆਂ ਗੱਡੀਆਂ ਦੀਆਂ ਟੈਂਕੀਆਂ ਪੂਰੀ ਤਰ੍ਹਾਂ ਭਰਵਾਉਣੀਆਂ ਚਾਹੀਦੀਆਂ ਹਨ। ਇਸੇ ਤੋਂ ਬਾਅਦ ਈਂਧਨ ਦੀ ਵਿਕਰੀ ’ਚ 20 ਫੀਸਦੀ ਦਾ ਵਾਧਾ ਹੋਇਆ ਹੈ।


Harinder Kaur

Content Editor

Related News