5 ਸਾਲਾਂ ’ਚ 2730 ਤੋਂ ਵਧ ਕੇ 4730 ਡਾਲਰ ਹੋ ਜਾਵੇਗੀ ਪ੍ਰਤੀ ਵਿਅਕਤੀ ਆਮਦਨ : ਸੀਤਾਰਾਮਨ
Saturday, Oct 05, 2024 - 11:51 AM (IST)
 
            
            ਨਵੀਂ ਦਿੱਲੀ (ਭਾਸ਼ਾ) - ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਆਜ਼ਾਦੀ ਤੋਂ ਬਾਅਦ ਭਾਰਤ ਨੂੰ 2730 ਡਾਲਰ ਪ੍ਰਤੀ ਵਿਅਕਤੀ ਆਮਦਨ ਹਾਸਲ ਕਰਨ ’ਚ 75 ਸਾਲ ਲੱਗ ਗਏ ਪਰ ਅੰਤਰਰਾਸ਼ਟਰੀ ਮਾਨਿਟਰੀ ਫੰਡ ਦੀ ਮੰਨੀਏ ਤਾਂ ਅਗਲੇ 5 ਸਾਲਾਂ ’ਚ ਪ੍ਰਤੀ ਵਿਅਕਤੀ ਆਮਦਨ ’ਚ 2000 ਡਾਲਰ (ਭਾਵ 4730 ਡਾਲਰ) ਦਾ ਵਾਧਾ ਦੇਖਣ ਨੂੰ ਮਿਲੇਗਾ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਹਾਕਿਆਂ ’ਚ ਆਮ ਆਦਮੀ ਦੀ ਜੀਵਨ ਸ਼ੈਲੀ ’ਚ ਵੱਡੀ ਤਬਦੀਲੀ ਆਵੇਗੀ। ਗੈਰ-ਬਰਾਬਰੀ ’ਚ ਕਮੀ ਦੇ ਨਾਲ ਇਸ ਪ੍ਰਾਪਤੀ ਨੂੰ ਹਾਸਲ ਕੀਤਾ ਜਾ ਰਿਹਾ ਹੈ।
ਕੌਟਿਲਯ ਆਰਥਿਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਸੀਤਾਰਾਮਨ ਨੇ ਕਿਹਾ ਕਿ ਪਿਛਲੇ ਇਕ ਦਹਾਕੇ ’ਚ ਆਰਥਿਕ ਮੋਰਚੇ ’ਤੇ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ 5 ਸਾਲਾਂ ’ਚ ਦੁਨੀਆ ਦੀ 10ਵੇਂ ਸਥਾਨ ਤੋਂ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਤੱਕ ਦੀ ਛਾਲ, ਲਗਾਤਾਰ ਹਾਸਲ ਕੀਤੀ ਗਈ ਉੱਚ ਵਿਕਾਸ ਦਰ ਅਤੇ ਮਹਿੰਗਾਈ ਨੂੰ ਘੱਟ ਰੱਖਣ ਦੇ ਕਾਰਨ ਸੰਭਵ ਹੋ ਸਕਿਆ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਜਦੋਂ ਪੂਰੀ ਦੁਨੀਆ ਵੰਡੀ ਹੋਈ ਹੈ ਅਤੇ ਲਗਾਤਾਰ ਸੰਘਰਸ਼ ਦੇਖਣ ਨੂੰ ਮਿਲ ਰਿਹਾ ਹੈ, ਜੋ ਕਿ ਵਿਸ਼ਵ ਸ਼ਾਂਤੀ ਲਈ ਵੱਡਾ ਖਤਰਾ ਹੈ, ਦੇ ਬਾਵਜੂਦ ਭਾਰਤ ਆਪਣੀ 140 ਕਰੋੜ ਦੀ ਵੱਡੀ ਆਬਾਦੀ, ਜੋ ਕਿ ਕੁੱਲ ਆਬਾਦੀ ਦਾ 18 ਫੀਸਦੀ ਹੈ ਦੀ ਪ੍ਰਤੀ ਵਿਅਕਤੀ ਆਮਦਨ ਨੂੰ ਅਗਲੇ ਕੁਝ ਸਾਲਾਂ ’ਚ ਦੁੱਗਣਾ ਕਰਨਾ ਚਾਹੁੰਦਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            