ਨਵੇਂ ਸਾਲ ਦੇ ਪਹਿਲੇ ਦਿਨ ਮੁੰਬਈ ’ਚ ਲੋਕਾਂ ਨੇ ਖੂਬ ਖਰੀਦਿਆ ਸੋਨਾ, ਜਾਣੋ ਕਿੰਨਾ ਹੋਇਆ ਕਾਰੋਬਾਰ
Friday, Jan 03, 2025 - 05:33 AM (IST)
ਮੁੰਬਈ - ਨਵੇਂ ਸਾਲ ਦੇ ਪਹਿਲੇ ਦਿਨ ਸੋਨੇ ਦੇ ਭਾਅ ਵਧਣ ਤੋਂ ਬਾਅਦ ਵੀ ਨਵੇਂ ਸਾਲ ’ਚ ਮੁੰਬਈ ਦੇ ਲੋਕਾਂ ਨੇ ਜੰਮ ਕੇ ਸੋਨੇ ਦੀ ਖਰੀਦਦਾਰੀ ਕੀਤੀ ਹੈ। ਨਵੇਂ ਸਾਲ ਦੇ ਮੌਕੇ ’ਤੇ ਮੁੰਬਈ ’ਚ 400 ਕਰੋੜ ਰੁਪਏ ਦਾ ਸੋਨੇ ਦਾ ਕਾਰੋਬਾਰ ਹੋਇਆ। ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ ਦੇ ਅਨੁਸਾਰ ਨਵੇਂ ਸਾਲ ਦਾ ਸਵਾਗਤ ਸੋਨੇ ਦੀ ਖਰੀਦਦਾਰੀ ਨਾਲ ਕੀਤਾ ਗਿਆ ਹੈ। ਨਵੇਂ ਸਾਲ ਦੇ ਪਹਿਲੇ ਦਿਨ 400 ਕਰੋੜ ਰੁਪਏ ਦਾ ਵਪਾਰ ਬਾਜ਼ਾਰ ’ਚ ਦੇਖਣ ਨੂੰ ਮਿਲਿਆ ਹੈ। ਮੁੰਬਈ ’ਚ ਬੁੱਧਵਾਰ ਨੂੰ ਸੋਨੇ ਦਾ ਭਾਅ 78,880 ਰੁਪਏ ਪ੍ਰਤੀ 10 ਗ੍ਰਾਮ ਰਿਹਾ।
ਖਪਤਕਾਰਾਂ ’ਤੇ ਸੋਨੇ ਦੇ ਭਾਅ ਵਧਣ ਦਾ ਕੋਈ ਵਿਸ਼ੇਸ਼ ਅਸਰ ਦੇਖਣ ਨੂੰ ਨਹੀਂ ਮਿਲਿਆ। ਇਸ ਦੇ ਉਲਟ ਵਿਕਰੀ ’ਚ ਵਾਧਾ ਦੇਖਣ ਨੂੰ ਮਿਲਿਆ ਹੈ। ਆਉਣ ਵਾਲੇ ਦਿਨਾਂ ’ਚ ਸੋਨੇ ਦਾ ਭਾਅ 1000 ਰੁਪਏ ਤੱਕ ਰੋਜ਼ ਵਧਣ ਦਾ ਅੰਦਾਜ਼ਾ ਐਸੋਸੀਏਸ਼ਨ ਲਾ ਰਹੀ ਹੈ।
ਸੋਨੇ ਦੇ ਬਾਰ ਅਤੇ ਪੁਰਾਣੇ ਗਹਿਣਿਆਂ ਨੂੰ ਤੋੜ ਕੇ ਨਵਾਂ ਬਣਵਾਉਣ ਦੀ ਮੰਗ ਜ਼ਿਆਦਾ
ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਮੋਟਰ ਕੁਮਾਰ ਜੈਨ ਦੱਸਦੇ ਹਨ ਕਿ ਉਹ ਖਪਤਕਾਰ ਜੋ ਸੋਨੇ ’ਚ ਨਿਵੇਸ਼ ਨੂੰ ਲੈ ਕੇ ਖਰੀਦਦਾਰੀ ਕਰ ਰਹੇ ਹਨ, ਉਨ੍ਹਾਂ ’ਚ ਸੋਨੇ ਦੇ ਬਾਰ ਦੀ ਮੰਗ ਜ਼ਿਆਦਾ ਹੈ।
ਮੌਜੂਦਾ ਸਮੇਂ ’ਚ 10 ਫੀਸਦੀ ਵਿਕਰੀ ਸੋਨੇ ਦੇ ਬਾਰ ਦੀ ਹੈ। ਵਿਆਹਾਂ ਲਈ ਲੋਕ ਜੜੇ ਹੋਏ ਗਹਿਣਿਆਂ ਦੀ ਖਰੀਦਦਾਰੀ ਕਰ ਰਹੇ ਹਨ। 90 ਫੀਸਦੀ ਖਰੀਦਦਾਰੀ ਵਿਆਹ-ਸ਼ਾਦੀਆਂ ਲਈ ਹੋ ਰਹੀ ਹੈ, ਜਿਸ ’ਚ ਪੁਰਾਣੇ ਗਹਿਣਿਆਂ ਨੂੰ ਤੋੜ ਕੇ ਨਵੇਂ ਬਣਾਉਣ ਦੀ ਮੰਗ ਵਧੀ ਹੈ।
ਸਾਡਾ ਅੰਦਾਜ਼ਾ ਹੈ ਕਿ ਸਿਰਫ ਮੁੰਬਈ ’ਚ ਹੀ 20 ਲੱਖ ਵਿਆਹ ਹੋਣੇ ਹਨ, ਇਸ ਲਈ ਆਉਣ ਵਾਲੇ ਦਿਨਾਂ ’ਚ ਵਿਕਰੀ ਵਧਣ ਦੀ ਸੰਭਾਵਨਾ ਹੈ।
ਸੋਨੇ ’ਚ ਤੇਜ਼ੀ ਦੀ ਮੁੱਖ ਵਜ੍ਹਾ
ਸੋਨੇ ’ਚ ਤੇਜ਼ੀ ਦੀ ਵੱਡੀ ਵਜ੍ਹਾ ਅਮਰੀਕੀ ਡਾਲਰ ਇੰਡੈਕਸ ਅਤੇ ਬਾਂਡ ਯੀਲਡ ’ਚ ਆਈ ਗਿਰਾਵਟ ਹੈ। ਜੇਕਰ ਨਿਵੇਸ਼ਕ ਡਾਲਰ ਤੋਂ ਇਲਾਵਾ ਕਿਸੇ ਹੋਰ ਕਰੰਸੀ ’ਚ ਸੋਨੇ ਨੂੰ ਹੋਲਡ ਕਰਦੇ ਹਨ ਤਾਂ ਡਾਲਰ ’ਚ ਕਮਜ਼ੋਰੀ ਨਾਲ ਇਸ ਦੀ ਕੀਮਤ ਵੱਧ ਜਾਂਦੀ ਹੈ, ਉਥੇ ਹੀ ਯੂ. ਐੱਸ. ਬਾਂਡ ਯੀਲਡ ’ਚ ਨਰਮੀ ਨਿਵੇਸ਼ਕਾਂ ਲਈ ਸੋਨੇ ’ਚ ਇਕ ਮੌਕੇ ਲਾਗਤ ਨੂੰ ਘਟਾ ਦਿੰਦੀ ਹੈ।
ਇਸ ਦੇ ਨਾਲ ਹੀ ਕੌਮਾਂਤਰੀ ਪੱਧਰ ’ਤੇ ਭੂ-ਰਾਜਨੀਤਕ ਸਮੱਸਿਆਵਾਂ ਅਤੇ ਮਹਿੰਗਾਈ ਨੂੰ ਲੈ ਕੇ ਵੱਧ ਰਹੀ ਚਿੰਤਾ ਅਤੇ ਅਮਰੀਕਾ ’ਚ ਰਿਕਾਰਡ ਫਿਸਕਲ ਡੈਫੀਸਿਟ ਨੂੰ ਵੇਖਦੇ ਹੋਏ ਸੋਨੇ ਨੂੰ ਲੈ ਕੇ ਜਾਣਕਾਰ ਹੁਣੇ ਵੀ ਬੁਲਿਸ਼ ਹਨ। ਉਥੇ ਹੀ ਕੇਂਦਰੀ ਬੈਂਕਾਂ ਵੱਲੋਂ ਸੋਨੇ ਦੀ ਖਰੀਦਦਾਰੀ ਅਤੇ ਨਿਵੇਸ਼ ਲਈ ਗੋਲਡ ਈ. ਟੀ. ਐੱਫ. ਦੀ ਮੰਗ ਵੀ ਸੋਨੇ ਦੇ ਭਾਅ ਨੂੰ ਵਧਾਉਣ ’ਚ ਮਦਦ ਕਰ ਰਹੀ ਹੈ।