ਕੋਰੋਨਾ ਕਾਰਨ ਮੰਗ ਨਾਲ ਜੂਝ ਰਹੇ ਪੈਨ ਨਿਰਮਾਤਾਵਾਂ ਨੂੰ GST ਨੇ ਉਲਝਾਇਆ

12/02/2020 5:07:32 PM

ਕੋਲਕਾਤਾ— ਤਕਰੀਬਨ 2,000 ਕਰੋੜ ਰੁਪਏ ਦੇ ਪੈਨ ਉਦਯੋਗ ਨੂੰ ਕੋਵਿਡ-19 ਮਹਾਮਾਰੀ ਕਾਰਨ ਮੰਗ ਦੀ ਕਮੀ ਦੇ ਨਾਲ-ਨਾਲ ਟੈਕਸੇਸ਼ਨ ਸਬੰਧੀ ਮੁੱਦਿਆਂ ਦੀ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਮਹਾਮਾਰੀ ਕਾਰਨ ਜ਼ਿਆਦਾਤਰ ਸਿੱਖਿਆ ਸੰਸਥਾਨਾਂ ਦੇ ਬੰਦ ਹੋਣ ਨਾਲ ਮੰਗ 'ਚ ਕਮੀ ਆਈ ਹੈ।

ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੈਨ ਨਿਰਮਾਤਾਵਾਂ ਨੇ ਕੇਂਦਰੀ ਅਪ੍ਰਤੱਖ ਟੈਕਸ ਤੇ ਕਸਟਮ ਬੋਰਡ ਨਾਲ ਸੰਪਰਕ ਕੀਤਾ ਹੈ, ਜਿਸ 'ਚ ਉਨ੍ਹਾਂ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਇਸ ਉਤਪਾਦ 'ਤੇ 12 ਫ਼ੀਸਦੀ ਜੀ. ਐੱਸ. ਟੀ. ਲਗਾਇਆ ਗਿਆ ਹੈ ਪਰ ਕੁਝ ਅਧਿਕਾਰੀ ਨੋਟੀਫਿਕੇਸ਼ਨਾਂ ਦੀ ਗਲਤ ਵਿਆਖਿਆ ਕਰਦੇ ਹੋਏ ਪੈਨ ਦੇ ਕੈਪ, ਕਲਿੱਪ ਅਤੇ ਰੀਫਿਲ ਵਰਗੇ ਸਾਮਾਨਾਂ 'ਤੇ 18 ਫ਼ੀਸਦੀ ਟੈਕਸ ਲਾ ਰਹੇ ਹਨ।

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੌਜੂਦਾ ਨੋਟੀਫਿਕੇਸ਼ਨਾਂ ਪੈਨ ਅਤੇ ਉਸ ਦੇ ਹੋਰ ਸਾਮਾਨਾਂ ਵਿਚਕਾਰ ਟੈਕਸ 'ਚ ਕੋਈ ਭੇਦਭਾਵ ਨਹੀਂ ਕਰਦੀਆਂ ਹਨ। ਕੋਲਕਾਤਾ ਪੈਨ ਨਿਰਮਾਣ ਤੇ ਡੀਲਰ ਸੰਗਠਨ ਦੇ ਮੁਖੀ ਨਰੇਸ਼ ਜਾਲਾਨ ਨੇ ਕਿਹਾ, ''ਗਲਤ ਵਿਆਖਿਆ ਦਾ ਮਾਮਲਾ ਸਾਲ 2020 ਦੇ ਸ਼ੁਰੂਆਤੀ ਦਿਨਾਂ 'ਚ ਸਾਹਮਣੇ ਆਇਆ ਪਰ ਮਹਾਮਾਰੀ ਦੌਰਾਨ ਇਹ ਸਮੱਸਿਆ ਹੋਰ ਵੱਧ ਗਈ ਹੈ।'' ਪੈਨ ਉਦਯੋਗ ਵੱਲੋਂ ਸਰਬ ਭਾਰਤੀ ਵਪਾਰ ਮੰਡਲ ਮਹਾਸੰਘ ਦੇ ਸਕੱਤਰ ਵੀ. ਕੇ. ਬੰਸਲ ਨੇ ਕਿਹਾ ਕਿ ਕੇਂਦਰੀ ਅਪ੍ਰਤੱਖ ਟੈਕਸ ਤੇ ਕਸਟਮਸ ਬੋਰਡ ਨੂੰ ਇਕ ਮੰਗ ਪੱਤਰ ਦਿੱਤਾ ਹੈ, ਜਿਸ 'ਚ ਉਸ ਨਾਲ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ ਸਾਰੇ ਖੇਤਰੀ ਕਮਿਸ਼ਨਰ ਦਫ਼ਤਰਾਂ ਨੂੰ ਨੋਟੀਫਿਕੇਸ਼ਨ ਅਨੁਸਾਰ ਟੈਕਸ ਲਾਉਣ ਦੀ ਸਲਾਹ ਦੇਣ।


Sanjeev

Content Editor

Related News