ਰਾਮਦੇਵ ’ਤੇ ਜੀ. ਐੱਸ. ਟੀ. ਦੀ ਮੁਸੀਬਤ, 5 ਸਾਲਾਂ ’ਚ ਪਹਿਲੀ ਵਾਰ ਘਟੀ ਪਤੰਜਲੀ ਦੀ ਵਿਕਰੀ
Thursday, Nov 22, 2018 - 08:00 AM (IST)

ਨਵੀਂ ਦਿੱਲੀ— ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ’ਤੇ ਵੀ ਜੀ. ਐੱਸ. ਟੀ. ਦੀ ਮੁਸੀਬਤ ਅਾ ਗਈ ਹੈ। 5 ਸਾਲਾਂ ’ਚ ਪਹਿਲੀ ਵਾਰ ਕੰਪਨੀ ਦੀ ਵਿਕਰੀ ’ਚ ਗਿਰਾਵਟ ਦਰਜ ਕੀਤੀ ਗਈ ਹੈ। ਮਾਰਚ 2018 ਨੂੰ ਖਤਮ ਹੋਏ ਵਿੱਤ ਸਾਲ ’ਚ ਕੰਪਨੀ ਦੀ ਵਿਕਰੀ 10 ਫੀਸਦੀ ਡਿੱਗ ਕੇ 8148 ਕਰੋਡ਼ ਰੁਪਏ ਰਹੀ ਹੈ।
ਬਲੂਮਬਰਗ ਨੇ ਕੇਅਰ ਰੇਟਿੰਗਸ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ’ਚ ਕਿਹਾ ਹੈ ਕਿ 2013 ਤੋਂ ਬਾਅਦ ਪਹਿਲੀ ਵਾਰ ਪਤੰਜਲੀ ਦੀ ਵਿਕਰੀ ’ਚ ਗਿਰਾਵਟ ਦਰਜ ਕੀਤੀ ਗਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਲਾਗੂ ਕੀਤੇ ਗਏ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ. ਐੱਸ. ਟੀ.) ਨੂੰ ਲਾਗੂ ਕਰਨ ਲਈ ਕੰਪਨੀ ਕੋਲ ਬੁਨਿਅਾਦੀ ਢਾਂਚਾ ਨਾ ਹੋਣ ਦੇ ਕਾਰਨ ਪ੍ਰਭਾਵਿਤ ਹੋਈ ਸਪਲਾਈ ਚੇਨ ਕਾਰਨ ਇਹ ਗਿਰਾਵਟ ਆਈ ਹੈ।
20,000 ਕਰੋਡ਼ ਰੁਪਏ ਦੀ ਵਿਕਰੀ ਦਾ ਟਰਨਓਵਰ ਟੀਚਾ ਰਹਿ ਸਕਦੈ ਅਧੂਰਾ
ਇਸ ਰਿਪੋਰਟ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਦੇ ਬ੍ਰਾਂਡ ਅੰਬੈਸਡਰ ਯੋਗ ਗੁਰੂ ਬਾਬਾ ਰਾਮਦੇਵ ਵੱਲੋਂ ਅਗਲੇ 5 ਸਾਲਾਂ ਲਈ ਨਿਰਧਾਰਿਤ ਕੀਤਾ ਗਿਆ 20,000 ਕਰੋਡ਼ ਰੁਪਏ ਦੀ ਵਿਕਰੀ ਦਾ ਟਰਨਓਵਰ ਦਾ ਟੀਚਾ ਅਧੂਰਾ ਰਹਿ ਸਕਦਾ ਹੈ। ਕੰਪਨੀ ਦਾ ਮਾਲੀਅਾ 2012 ’ਚ 500 ਕਰੋਡ਼ ਤੋਂ ਘੱਟ ਸੀ ਪਰ 2016 ਤੱਕ ਕੰਪਨੀ 10,000 ਕਰੋਡ਼ ਦੇ ਮਾਲੀਅਾ ਤੱਕ ਪਹੁੰਚ ਗਈ ਸੀ। ਇਸ ਸਾਲ ਮਈ ’ਚ ਹੀ ਬਾਬਾ ਰਾਮਦੇਵ ਨੇ ਆਪਣੀ ਕੰਪਨੀ ਦੇ ਵਿਸਤਾਰ ਅਤੇ ਪ੍ਰੋਡਕਟ ਦੀ ਰੇਂਜ ਵਧਾ ਕੇ ਕੰਪਨੀ ਲਈ 20,000 ਕਰੋਡ਼ ਰੁਪਏ ਦਾ ਟੀਚਾ ਤੈਅ ਕੀਤਾ ਸੀ ।
ਕੰਪਨੀ ਵੱਲੋਂ ਜ਼ਮੀਨੀ ਪੱਧਰ ’ਤੇ ਛੋਟੇ ਤੋਂ ਛੋਟੇ ਕਸਬਿਆਂ ’ਚ ਸਥਾਪਤ ਕੀਤਾ ਗਿਆ ਵਿਕਰੀ ਦਾ ਨੈੱਟਵਰਕ ਹੀ ਕੰਪਨੀ ਦੀ ਰੀੜ੍ਹ ਸੀ ਪਰ ਇਹ ਨੈੱਟਵਰਕ ਜੀ. ਐੱਸ. ਟੀ. ਦੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।