ਚਿੱਪ ਦੀ ਕਮੀ ਦੇ ਸੰਕਟ ਦਰਮਿਆਨ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ’ਚ 8 ਫੀਸਦੀ ਦੀ ਗਿਰਾਵਟ

Saturday, Mar 05, 2022 - 10:13 AM (IST)

ਚਿੱਪ ਦੀ ਕਮੀ ਦੇ ਸੰਕਟ ਦਰਮਿਆਨ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ’ਚ 8 ਫੀਸਦੀ ਦੀ ਗਿਰਾਵਟ

ਨਵੀਂ ਦਿੱਲੀ– ਵਾਹਨ ਡੀਲਰਾਂ ਦੇ ਸੰਗਠਨ ਫੈੱਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ (ਫਾਡਾ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚਿੱਪ ਦੀ ਕਮੀ ਕਾਰਨ ਕੰਪਨੀਆਂ ਨੂੰ ਉਤਪਾਦਨ ਸਬੰਧੀ ਨੁਕਸਾਨ ਲਗਾਤਾਰ ਉਠਾਉਣਾ ਪੈ ਰਿਹਾ ਹੈ, ਜਿਸ ਕਾਰਨ ਫਰਵਰੀ ’ਚ ਘਰੇਲੂ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ’ਚ 8 ਫੀਸਦੀ ਦੀ ਗਿਰਾਵਟ ਆਈ ਹੈ। ਯਾਤਰੀ ਵਾਹਨਾਂ ਦੀ ਵਿਕਰੀ ਪਿਛਲੇ ਮਹੀਨੇ 7.84 ਫੀਸਦੀ ਡਿਗ ਕੇ 2,38,096 ਇਕਾਈ ’ਤੇ ਆ ਗਈ ਜੋ ਫਰਵਰੀ 2021 ’ਚ 2, 58,337 ਇਕਾਈ ਸੀ।

ਫਾਡਾ ਦੇ ਪ੍ਰਧਾਨ ਵਿਨਕੇਸ਼ ਗੁਲਾਟੀ ਨੇ ਇਕ ਬਿਆਨ ’ਚ ਕਿਹਾ ਕਿ ਯਾਤਰੀ ਵਾਹਨ ਸ਼੍ਰੇਣੀ ’ਚ ਕੁੱਝ ਨਵੇਂ ਵਾਹਨ ਬਾਜ਼ਾਰ ’ਚ ਆਏ ਅਤੇ ਬਿਹਤਰ ਉਤਪਾਦਨ ਨਾਲ ਕੁੱਝ ਰਾਹਤ ਤਾਂ ਜ਼ਰੂਰ ਮਿਲੀ ਪਰ ਇਹ ਗਾਹਕਾਂ ਦੀ ਮੰਗ ਦੀ ਪੂਰਤੀ ਦੇ ਲਿਹਾਜ ਨਾਲ ਕਾਫੀ ਨਹੀਂ ਹੈ। ਵਾਹਨ ਲਈ ਇੰਤਜ਼ਾਰ ਦਾ ਸਮਾਂ ਪਿਛਲੇ ਕੁੱਝ ਮਹੀਨਿਆਂ ਜਿੰਨਾ ਹੀ ਬਣਿਆ ਹੋਇਆ ਹੈ। ਸੰਗਠਨ ਵਲੋਂ ਚਿਤਾਵਨੀ ਦਿੱਤੀ ਗਈ ਕਿ ਰੂਸ-ਯੂਕ੍ਰੇਨ ਸੰਘਰਸ਼ ਕਾਰਨ ਸੈਮੀਕੰਡਕਟਰ ਦਾ ਉਤਪਾਦਨ ਹੋਰ ਵੀ ਪ੍ਰਭਾਵਿਤ ਹੋ ਸਕਦਾ ਹੈ। ਪਿਛਲੇ ਮਹੀਨੇ ਦੋਪਹੀਆ ਵਾਹਨਾਂ ਦੀ ਵਿਕਰੀ 10.67 ਫੀਸਦੀ ਦੀ ਗਿਰਾਵਟ ਨਾਲ 9,83,358 ਇਕਾਈ ਰਹੀ ਜੋ ਫਰਵਰੀ 2021 ’ਚ 11,00,754 ਇਕਾਈ ਸੀ। ਪਿਛਲੇ ਮਹੀਨੇ 50,304 ਟਰੈਕਟਰ ਵਿਕੇ ਜੋ ਫਰਵਰੀ 2021 ’ਚ ਵਿਕੇ 62,004 ਟਰੈਕਟਰ ਦੇ ਮੁਕਾਬਲੇ 18.87 ਫੀਸਦੀ ਘੱਟ ਹੈ।

ਹਾਲਾਂਕਿ ਦੂਜੇ ਪਾਸੇ ਕਮਰਸ਼ੀਅਲ ਵਾਹਨਾਂ ਦੀ ਵਿਕਰੀ ’ਚ ਪਿਛਲੇ ਸਾਲ ਦੇ ਮੁਕਾਬਲੇ ਇਸ ਫਰਵਰੀ ’ਚ 7.41 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਪਿਛਲੇ ਮਹੀਨੇ ਕੁੱਲ 63,797 ਵਾਹਨ ਵਿਕੇ ਜਦ ਕਿ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 59,395 ਵਾਹਨ ਵਿਕੇ ਸਨ। ਪਿਛਲੇ ਮਹੀਨੇ ਵੱਖ-ਵੱਖ ਤਰ੍ਹਾਂ ਦੇ ਕੁੱਲ 13,74,516 ਵਾਹਨਾਂ ਦੀ ਪ੍ਰਚੂਨ ਵਿਕਰੀ ਹੋਈ ਜੋ ਫਰਵਰੀ 2021 ’ਚ ਵਿਕੇ 15,13,894 ਵਾਹਨਾਂ ਦੇ ਮੁਕਾਬਲੇ 9.21 ਫੀਸਦੀ ਘੱਟ ਹੈ।


author

Rakesh

Content Editor

Related News