ਦੁਬਈ ਦੇ ''ਬਿਜ਼ੀ'' ਹਵਾਈ ਅੱਡੇ ''ਤੇ ਮੁਸਾਫ਼ਰਾਂ ਦੀ ਗਿਣਤੀ ਇਸ ਸਾਲ ਇੰਨੀ ਘਟੀ
Wednesday, Aug 11, 2021 - 04:49 PM (IST)
ਨਵੀਂ ਦਿੱਲੀ- ਕੌਮਾਂਤਰੀ ਯਾਤਰਾ ਲਈ ਵਿਸ਼ਵ ਦੇ ਸਭ ਤੋਂ ਰੁਝੇਵੇਂ ਭਰੇ ਦੁਬਈ ਕੌਮਾਂਤਰੀ ਹਵਾਈ ਅੱਡੇ 'ਤੇ ਰੌਣਕ ਘੱਟ ਹੈ। ਰਿਪੋਰਟ ਮੁਤਾਬਕ, ਪਿਛਲੇ ਸਾਲ ਦੀ ਇਸ ਮਿਆਦ ਦੀ ਤੁਲਨਾ ਵਿਚ 2021 ਦੀ ਪਹਿਲੀ ਛਿਮਾਹੀ ਵਿਚ ਮੁਸਾਫ਼ਰਾਂ ਦੀ ਗਿਣਤੀ ਲਗਭਗ 40 ਫ਼ੀਸਦੀ ਘੱਟ ਰਹੀ।
ਦੁਬਈ ਕੌਮਾਂਤਰੀ ਹਵਾਈ ਅੱਡੇ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਯਾਤਰੀਆਂ ਦੀ ਸੰਖਿਆ ਵਿਚ ਕਮੀ ਕੋਵਿਡ-19 ਦੇ ਵਧੇਰੇ ਖਤਰਨਾਕ ਰੂਪਾਂ ਦੇ ਪ੍ਰਕੋਪ ਕਾਰਨ ਹੈ, ਜੋ ਅਜੇ ਵੀ ਆਲਮੀ ਹਵਾਬਾਜ਼ੀ ਖੇਤਰ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਹਾਲਾਂਕਿ, ਸੀ. ਈ. ਓ. ਪੌਲ ਗਰਿਫਿਥਸ ਪੂਰਬ-ਪੱਛਮੀ ਹਵਾਈ ਮਾਰਗ ਦੇ ਇਸ ਮਹੱਤਵਪੂਰਣ ਆਵਾਜਾਈ ਬਿੰਦੂ ਬਾਰੇ ਆਸ਼ਾਵਾਦੀ ਬਣੇ ਹੋਏ ਹਨ ਕਿਉਂਕਿ ਯੂ. ਏ. ਈ. ਦੇ ਅਧਿਕਾਰੀਆਂ ਨੇ ਹੌਲੀ-ਹੌਲੀ ਭਾਰਤੀ ਉਪ ਮਹਾਦੀਪ ਅਤੇ ਯੂ. ਕੇ. ਲਈ ਦੁਬਈ ਦੇ ਪ੍ਰਮੁੱਖ ਮਾਰਗ ਨੂੰ ਦੁਬਾਰਾ ਖੋਲ੍ਹ ਦਿੱਤਾ ਹੈ। ਗ੍ਰਿਫਿਥਸ ਨੇ ਕਿਹਾ, "ਪਿਛਲੇ ਛੇ ਮਹੀਨਿਆਂ ਵਿਚ ਹਵਾਈ ਅੱਡੇ ਤੋਂ 1.06 ਕਰੋੜ ਯਾਤਰੀ ਗਏ, ਇਹ ਅਜੇ ਵੀ ਬਹੁਤ ਸਕਾਰਾਤਮਕ ਹੈ। ਮੈਨੂੰ ਲੱਗਦਾ ਹੈ ਕਿ ਪਾਬੰਦੀਆਂ ਵਿਚ ਢਿੱਲ ਨਾਲ ਇਸ ਦਾ ਸੰਤੋਸ਼ਜਨਕ ਹੋਵੇਗਾ।''