OXFORD ਦੇ ਟੀਕੇ ਨੂੰ ਦਸੰਬਰ ਖ਼ਤਮ ਹੋਣ ਤੋਂ ਪਹਿਲਾਂ ਮਿਲ ਸਕਦੀ ਹੈ ਮਨਜ਼ੂਰੀ
Saturday, Dec 19, 2020 - 04:36 PM (IST)
ਲੰਡਨ- ਕੋਰੋਨਾ ਵਾਇਰਸ ਖ਼ਿਲਾਫ ਐਸਟ੍ਰਾਜ਼ੇਨੇਕਾ ਵੱਲੋਂ ਵਿਕਸਤ ਕੀਤੇ ਜਾ ਰਹੇ ਆਕਸਫੋਰਡ ਯੂਨੀਵਰਸਿਟੀ ਦੇ ਟੀਕੇ ਨੂੰ ਇਸ ਸਾਲ ਦੇ ਅੰਤ ਤੱਕ ਬ੍ਰਿਟੇਨ ਦੇ ਸੁਤੰਤਰ ਨਿਗਰਾਨ ਕੋਲੋਂ ਮਨਜ਼ੂਰੀ ਮਿਲ ਸਕਦੀ ਹੈ ਅਤੇ 2021 ਦੇ ਸ਼ੁਰੂ ਤੋਂ ਟੀਕਾਕਰਨ ਸ਼ੁਰੂ ਕੀਤਾ ਜਾ ਸਕਦਾ ਹੈ। ਯੂ. ਕੇ. ਦੇ ਮੀਡੀਆ ਵਿਚ ਇਸ ਤਰ੍ਹਾਂ ਦੀ ਸੰਭਾਵਨਾ ਜਤਾਈ ਗਈ ਹੈ।
'ਦਿ ਡੇਲੀ ਟੈਲੀਗ੍ਰਾਫ' ਨੇ ਸੀਨੀਅਰ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ, ''ਸੋਮਵਾਰ ਨੂੰ ਅੰਤਿਮ ਅੰਕੜੇ ਮੁਹੱਈਆ ਕਰਾਏ ਜਾਣ ਤੋਂ ਬਾਅਦ 28 ਜਾਂ 29 ਦਸੰਬਰ ਨੂੰ ਮੈਡੀਸਨਜ਼ ਐਂਡ ਹੈਲਥਕੇਅਰ ਰੈਗੂਲੇਟਰ ਏਜੰਸੀ (ਐੱਮ. ਐੱਚ. ਆਰ. ਏ.) ਵੱਲੋਂ ਹਰੀ ਝੰਡੀ ਦਿੱਤੀ ਜਾ ਸਕਦੀ ਹੈ।''
ਯੂ. ਕੇ. ਸਰਕਾਰ ਨੇ ਟ੍ਰਾਇਲ ਦੌਰਾਨ ਟੀਕੇ ਦੇ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੋਣ ਦੀ ਸੂਰਤ ਵਿਚ ਐੱਮ. ਐੱਚ. ਆਰ. ਏ. ਨੂੰ ਮਨਜ਼ੂਰੀ ਦੀ ਪ੍ਰਕਿਰਿਆ ਦਾ ਅਧਿਕਾਰ ਸੌਂਪਿਆ ਹੈ। ਰਿਪੋਰਟ ਦਾ ਕਹਿਣਾ ਹੈ ਕਿ ਇਸ ਟੀਕੇ ਨੂੰ ਐੱਮ. ਐੱਚ. ਆਰ. ਏ. ਵੱਲੋਂ ਮਨਜ਼ੂਰੀ ਮਿਲਣ ਨਾਲ ਵਿਸ਼ਵ ਭਰ ਦੇ ਦੇਸ਼ਾਂ ਵਿਚ ਇਸ ਨੂੰ ਲੈ ਕੇ ਵਿਸ਼ਵਾਸ ਬਣੇਗਾ। ਭਾਰਤ ਪਹਿਲਾਂ ਹੀ ਐਸਟ੍ਰਾਜ਼ੇਨੇਕਾ ਟੀਕੇ ਦੀਆਂ 5 ਕਰੋੜ ਖ਼ਰੁਾਕਾਂ ਬਣਾ ਚੁੱਕਾ ਹੈ।
ਭਾਰਤ ਵਿਚ ਇਹ ਟੀਕਾ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨਾਲ ਸਾਂਝੇਦਾਰੀ ਤਹਿਤ ਤਿਆਰ ਕੀਤਾ ਜਾ ਰਿਹਾ ਹੈ। ਯੂ. ਕੇ. ਦੇ ਸਿਹਤ ਅਧਿਕਾਰੀ ਉਮੀਦ ਕਰਦੇ ਹਨ ਕਿ ਆਕਸਫੋਰਡ ਟੀਕੇ ਦੀ ਪ੍ਰਵਾਨਗੀ ਇਕ ''ਗੇਮ-ਚੇਂਜਰ'' ਸਾਬਤ ਹੋਵੇਗੀ, ਜਿਸ ਨੂੰ ਫਾਈਜ਼ਰ/ ਬਾਇਓਨਟੈਕ ਟੀਕੇ ਦੀ ਤੁਲਨਾ ਵਿਚ ਬਹੁਤੇ ਠੰਡੇ ਤਾਪਮਾਨ ਦੀ ਜ਼ਰੂਰਤ ਨਹੀਂ ਹੈ। ਆਕਸਫੋਰਡ ਟੀਕੇ ਨੂੰ ਫਰਿੱਜ ਦੇ ਤਾਪਮਾਨ ਵਿਚ ਰੱਖਿਆ ਜਾ ਸਕਦਾ ਹੈ।