ਗੁੱਡ ਨਿਊਜ਼ : ਰਸੋਈ ''ਚ ਸਸਤਾ ਲੱਗੇਗਾ ਤੜਕਾ, ਸਸਤੇ ਹੋਏ ਪਿਆਜ਼

10/03/2019 3:53:32 PM

ਮੁੰਬਈ—  ਸਰਕਾਰ ਵੱਲੋਂ ਬਰਾਮਦ 'ਤੇ ਲਗਾਈ ਗਈ ਪਾਬੰਦੀ ਅਤੇ ਵਪਾਰੀਆਂ 'ਤੇ ਸਟਾਕ ਲਿਮਟ ਲਾਉਣ ਨਾਲ ਪਿਆਜ਼ ਸਸਤੇ ਹੋ ਗਏ ਹਨ। ਰਾਸ਼ਟਰੀ ਬਾਗਬਾਨੀ ਰਿਸਰਚ ਤੇ ਵਿਕਾਸ ਫਾਊਂਡੇਸ਼ਨ ਵੱਲੋਂ ਰੱਖੇ ਗਏ ਅੰਕੜਿਆਂ ਅਨੁਸਾਰ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੀ ਲਾਸਲਗਾਓਂ ਮੰਡੀ 'ਚ ਇਨ੍ਹਾਂ ਦੀ ਕੀਮਤ ਡਿੱਗਣੀ ਸ਼ੁਰੂ ਹੋ ਗਈ ਹੈ, ਜੋ ਮਿਡ ਸਤੰਬਰ 'ਚ ਉੱਥੇ 51 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਈ ਸੀ। ਨਾਸਿਕ ਦੀ ਇਸ ਮੰਡੀ 'ਚ ਹਲਚਲ ਦਾ ਦੇਸ਼ ਭਰ ਦੇ ਬਾਜ਼ਾਰਾਂ 'ਤੇ ਅਸਰ ਹੁੰਦਾ ਹੈ ਕਿਉਂਕਿ ਇਹ ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਥੋਕ ਮੰਡੀ ਹੈ।

ਲਾਸਲਗਾਓਂ ਮੰਡੀ 'ਚ ਵੀਰਵਾਰ ਨੂੰ ਪਿਆਜ਼ ਦੀ ਔਸਤ ਥੋਕ ਕੀਮਤ 27 ਰੁਪਏ ਪ੍ਰਤੀ ਕਿਲੋ ਸੀ, ਜਦੋਂ ਕਿ ਵੱਧ ਤੋਂ ਵੱਧ 30.20 ਰੁਪਏ ਪ੍ਰਤੀ ਕਿਲੋ ਤੇ ਘੱਟੋ-ਘੱਟ 15 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਜ਼ਿਕਰਯੋਗ ਹੈ ਕਿ ਮਾਹਰਾਸ਼ਟਰ ਤੇ ਕਰਨਾਟਕ ਵਰਗੇ ਪ੍ਰਮੁੱਖ ਪਿਆਜ਼ ਉਤਪਾਦਕ ਰਾਜਾਂ 'ਚ ਭਾਰੀ ਬਾਰਸ਼ ਕਾਰਨ ਸਪਲਾਈ ਪ੍ਰਭਾਵਿਤ ਹੋਣ ਨਾਲ ਇਨ੍ਹਾਂ ਦੀ ਕੀਮਤ 'ਚ ਪਿਛਲੇ ਦੋ ਮਹੀਨੇ ਤੋਂ ਤੇਜ਼ੀ ਜਾਰੀ ਸੀ। ਸਾਉਣੀ ਦਾ ਰਕਬਾ ਘਟਣ ਦੀ ਸੰਭਾਵਨਾ ਕਾਰਨ ਵੀ ਕੀਮਤਾਂ 'ਤੇ ਦਬਾਅ ਰਿਹਾ। ਪਿਛਲੇ ਸਾਲ ਹਾੜ੍ਹੀ ਦਾ ਸਟੋਰ ਕੀਤਾ ਪਿਆਜ਼ ਹੁਣ ਬਾਜ਼ਾਰ 'ਚ ਵਿਕ ਰਿਹਾ ਹੈ। ਉੱਥੇ ਹੀ, ਨਵੰਬਰ ਤੋਂ ਬਾਜ਼ਾਰ 'ਚ ਨਵੀਂ ਫਸਲ ਆਉਣੀ ਵੀ ਸ਼ੁਰੂ ਹੋ ਜਾਵੇਗੀ।

ਪਿਛਲੇ ਹਫਤੇ ਸਰਕਾਰ ਨੇ ਘਰੇਲੂ ਬਾਜ਼ਾਰਾਂ 'ਚ ਸਪਲਾਈ ਵਧਾਉਣ ਲਈ ਇਸ ਦੀ ਬਰਾਮਦ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਾ ਦਿੱਤੀ ਸੀ ਤੇ ਨਾਲ ਹੀ ਸਟਾਕ ਲਿਮਟ ਵੀ ਤੈਅ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਸਰਕਾਰ ਨੇ ਬਾਹਰਲੇ ਬਾਜ਼ਾਰਾਂ ਨੂੰ ਸਪਲਾਈ ਘਟਾਉਣ ਲਈ ਇਸ ਦਾ ਘੱਟੋ-ਘੱਟ ਬਰਾਮਦ ਮੁੱਲ 850 ਡਾਲਰ (ਲਗਭਗ 60,400 ਰੁਪਏ) ਪ੍ਰਤੀ ਟਨ ਨਿਰਧਾਰਤ ਕੀਤਾ ਸੀ।


Related News