ਤਿਉਹਾਰੀ ਸੀਜ਼ਨ ਦੌਰਾਨ ਗੰਢਿਆਂ ਦੀਆਂ ਕੀਮਤਾਂ ਵਿਗਾੜ ਸਕਦੀਆਂ ਨੇ ਰਸੋਈ ਦਾ ਬਜਟ

09/21/2022 2:35:09 PM

ਨਵੀਂ ਦਿੱਲੀ : ਮੌਜੂਦਾ ਸਮੇਂ ਦੇਸ਼ 'ਚ  ਸਸਤੇ ਭਾਅ ਮਿਲ ਰਹੇ ਗੰਢਿਆਂ ਕਾਰਨ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਮੁੱਲ ਵੀ ਨਹੀਂ ਮਿਲ ਰਿਹਾ। ਆਉਣ ਵਾਲੇ ਸਮੇਂ 'ਚ ਗੰਢਿਆਂ ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਮਹਾਰਾਸ਼ਟਰ, ਕਰਨਾਟਕ ਅਤੇ ਮੱਧ ਪ੍ਰਦੇਸ਼ ਵਰਗੇ ਪ੍ਰਮੁੱਖ ਉਤਪਾਦਕ ਸੂਬਿਆਂ 'ਚ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਗੰਢਿਆਂ ਦੀ ਫ਼ਸਲ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਵਧ ਗਈ ਹੈ ਅਤੇ ਫ਼ਸਲ ਦੀ ਮੰਗ ਵੀ ਵਧ ਜਾਵੇਗੀ। ਦੂਜਾ ਦੇਸ਼ ਵਿੱਚ ਤਿਉਹਾਰੀ ਸੀਜ਼ਨ ਦੀ ਵੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਕਾਰਨ ਵੀ ਗੰਢਿਆਂ ਦੀ ਮੰਗ ਵਧ ਜਾਂਦੀ ਹੈ। ਇਸ ਸਮੇਂ ਕਰਨਾਟਕ ਅਤੇ ਮਹਾਰਾਸ਼ਟਰ ਵਿੱਚ ਵੀ ਸਾਉਣੀ ਦੇ ਪਿਆਜ਼ ਦੀ ਆਮਦ ਸ਼ੁਰੂ ਹੋ ਗਈ ਹੈ। ਮਹਾਰਾਸ਼ਟਰ 'ਚ ਸਾਉਣੀ ਦੇ ਪਿਆਜ਼ ਦੀ ਆਮਦ ਮੁੱਖ ਤੌਰ 'ਤੇ ਅਕਤੂਬਰ ਤੋਂ ਸ਼ੁਰੂ ਹੁੰਦੀ ਹੈ। ਇਸ ਦੇ ਨਾਲ ਹੀ ਇਨ੍ਹਾਂ ਰਾਜਾਂ ਵਿੱਚ ਲੇਟ ਸਾਉਣੀ ਪਿਆਜ਼ ਦੀ ਬਿਜਾਈ ਚੱਲ ਰਹੀ ਹੈ। ਜਦੋਂ ਕਿ ਦੇਸ਼ ਦੇ ਕੁੱਲ ਪਿਆਜ਼ ਉਤਪਾਦਨ ਵਿੱਚ ਹਾੜ੍ਹੀ ਦੇ ਪਿਆਜ਼ ਦਾ ਹਿੱਸਾ ਲਗਭਗ 70 ਫ਼ੀਸਦੀ ਹੈ। ਇਸ ਵਾਰ ਸਾਉਣੀ ਅਤੇ ਪਿਛੇਤੀ ਸਾਉਣੀ ਦੀਆਂ ਫਸਲਾਂ ਦਾ ਹਿੱਸਾ ਲਗਭਗ 20  ਫ਼ੀਸਦੀ ਅਤੇ 10 ਫ਼ੀਸਦੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਜਿੱਥੇ ਸਾਉਣੀ ਦੀ ਤਿਆਰ ਫ਼ਸਲ ਨੂੰ ਨੁਕਸਾਨ ਹੋ ਰਿਹਾ ਹੈ ਉਥੇ ਹੀ ਸਾਉਣੀ ਦੀਆਂ ਪਿਛੇਤੀਆਂ ਫ਼ਸਲਾਂ, ਜਿਨ੍ਹਾਂ ਦੀ ਬਿਜਾਈ ਚੱਲ ਰਹੀ ਹੈ, ਵੀ ਖ਼ਰਾਬ ਹੋ ਰਹੀਆਂ ਹਨ। ਭਾਰਤੀ ਸਬਜ਼ੀ ਉਤਪਾਦਕ ਸੰਘ ਦੇ ਪ੍ਰਧਾਨ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਮਹਾਰਾਸ਼ਟਰ ਦੇ ਨਾਲ-ਨਾਲ ਉੱਤਰੀ ਕਰਨਾਟਕ ਦੇ ਗੰਢਿਆਂ ਦੇ ਉਤਪਾਦਕ ਖੇਤਰਾਂ ਵਿੱਚ ਮੋਹਲੇਧਾਰ ਮੀਂਹ ਪੈ ਰਿਹਾ ਹੈ। ਖੇਤਾਂ ਵਿੱਚ ਪਾਣੀ ਭਰ ਜਾਣ ਕਾਰਨ ਗੰਢਿਆਂ ਦੀਆਂ ਜੜ੍ਹਾਂ ਨਸ਼ਟ ਹੋ ਰਹੀਆਂ ਹਨ। ਜਿਸ ਕਾਰਨ ਸਾਉਣੀ ਸੀਜ਼ਨ ਦੀ ਗੰਢਿਆਂ ਦੀ ਫ਼ਸਲ ਨੂੰ ਨੁਕਸਾਨ ਹੋਣ ਕਾਰਨ ਇਸ ਦਾ ਉਤਪਾਦਨ ਘਟ ਸਕਦਾ ਹੈ।

ਰਾਸ਼ਟਰੀ ਬਾਗ਼ਬਾਨੀ ਖੋਜ ਅਤੇ ਵਿਕਾਸ ਸੰਸਥਾਨ ਦੇ ਕਾਰਜਕਾਰੀ ਨਿਰਦੇਸ਼ਕ ਪੀ. ਕੇ. ਗੁਪਤਾ ਦਾ ਕਹਿਣਾ ਹੈ ਕਿ ਇਸ ਸਾਲ ਸਾਉਣੀ ਦੇ ਸੀਜ਼ਨ 'ਚ ਗੰਢਿਆਂ ਦੀ ਬਿਜਾਈ 20 ਤੋਂ 25 ਫ਼ੀਸਦੀ ਵੱਧ ਕੀਤੀ ਗਈ ਹੈ ਪਰ ਮੀਂਹ ਨੇ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ 'ਚ ਗੰਢਿਆਂ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਇਆ ਹੈ। ਜੇਕਰ ਅਗਲੇ ਮਹੀਨੇ ਨਵੀਂ ਆਮਦ ਸ਼ੁਰੂ ਹੋਣ ਤੱਕ ਗੰਢਿਆਂ ਨੂੰ ਹੋਰ ਨੁਕਸਾਨ ਪਹੁੰਚਦਾ ਹੈ ਤਾਂ ਇਸ ਦੀਆਂ ਕੀਮਤਾਂ ਵਧ ਸਕਦੀਆਂ ਹਨ। ਸਾਲ 2021-22 ਵਿੱਚ ਰਿਕਾਰਡ 317 ਲੱਖ ਟਨ ਗੰਢਿਆਂ ਦਾ ਉਤਪਾਦਨ ਹੋਇਆ ਹੈ ਜੋ ਕਿ ਸਾਲ 2020-21 ਵਿੱਚ 266 ਲੱਖ ਟਨ ਪਿਆਜ਼ ਤੋਂ ਲਗਭਗ 19 ਫ਼ੀਸਦੀ ਵੱਧ ਹੈ। ਖ਼ਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ ਭਰ ਦੇ ਪ੍ਰਚੂਨ ਬਾਜ਼ਾਰਾਂ 'ਚ ਗੰਢੇ 12 ਤੋਂ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੇ ਹਨ। ਇਸ ਦੀ ਔਸਤ ਕੀਮਤ 26.23 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਦੂਜੇ ਪਾਸੇ ਮਹਾਰਾਸ਼ਟਰ ਦੇ ਕਿਸਾਨ ਗੰਢਿਆਂ ਦੀਆਂ ਡਿੱਗਦੀਆਂ ਕੀਮਤਾਂ ਕਾਰਨ ਪਰੇਸ਼ਾਨ ਹਨ। ਸਰਕਾਰ ਵੱਲੋਂ ਖ਼ਰੀਦ ਬੰਦ ਕੀਤੇ ਜਾਣ ਕਾਰਨ ਕਿਸਾਨ ਆਪਣੀ ਫ਼ਸਲ ਨੂੰ ਸਸਤੇ ਭਾਅ ਵੇਚਣ ਲਈ ਮਜਬੂਰ ਹਨ।
 


Harnek Seechewal

Content Editor

Related News