ਲਾਕਡਾਊਨ 'ਚ ਪਿਆਜ਼ ਕੀਮਤਾਂ 'ਚ ਭਾਰੀ ਗਿਰਾਵਟ, ਵਿਕ ਰਿਹੈ ਇੰਨਾ ਸਸਤਾ
Wednesday, Apr 22, 2020 - 12:30 PM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ ਲਾਕਡਾਊਨ ਵਿਚਕਾਰ ਪਿਆਜ਼ ਕੀਮਤਾਂ 'ਚ ਤੇਜ਼ੀ ਨਾਲ ਗਿਰਾਵਟ ਦਰਜ ਹੋ ਰਹੀ ਹੈ। ਇਸ ਦਾ ਕਾਰਨ ਹੈ ਕਿ ਘਰੇਲੂ ਤੇ ਬਰਾਮਦ ਮੰਗ ਘੱਟ ਬਣੀ ਹੋਈ ਹੈ, ਜਦੋਂ ਕਿ ਉਤਪਾਦਨ ਸਰਪਲੱਸ ਹੈ। ਇਸ ਤੋਂ ਇਲਾਵਾ ਕੌਮਾਂਤਰੀ ਬਾਜ਼ਾਰਾਂ 'ਚ ਡਿੱਗੀ ਕੀਮਤ ਦਾ ਵੀ ਇਸ 'ਤੇ ਪ੍ਰਭਾਵ ਪੈ ਰਿਹਾ ਹੈ।
ਦਿੱਲੀ, ਮੁੰਬਈ, ਨਾਸਿਕ ਵਰਗੇ ਦੇਸ਼ ਦੇ ਜ਼ਿਆਦਾਤਰ ਬਾਜ਼ਾਰਾਂ 'ਚ ਪਿਆਜ਼ ਦੀਆਂ ਥੋਕ ਦੀਆਂ ਕੀਮਤਾਂ ਘੱਟ ਕੇ 8-10 ਰੁਪਏ ਪ੍ਰਤੀ ਕਿਲੋ ਰਹਿ ਗਈਆਂ ਹਨ। ਇੰਦੌਰ ਵਰਗੇ ਹੋਰ ਬਾਜ਼ਾਰਾਂ 'ਚ ਵੀ ਪਿਆਜ਼ ਕੀਮਤਾਂ ਦਾ ਇਹੀ ਹਾਲ ਹੈ। ਸੂਤਰਾਂ ਮੁਤਾਬਕ, ਪਿਆਜ਼ ਦੀਆਂ ਕੀਮਤਾਂ ਪਿਛਲੇ ਪੰਜ ਹਫਤਿਆਂ ਤੋਂ ਘੱਟ ਰਹੀਆਂ ਹਨ ਅਤੇ ਜੇਕਰ ਸਰਕਾਰੀ ਸਹਾਇਤਾ ਪ੍ਰਾਪਤ ਨਾ ਹੋਈ ਤਾਂ ਮਈ ਤੱਕ ਕੀਮਤਾਂ ਹੋਰ ਘਟਣ ਦੀਆਂ ਸੰਭਾਵਨਾਵਾਂ ਹਨ। ਤਕਰੀਬਨ ਪੰਜ ਤੋਂ ਛੇ ਹਫਤੇ ਪਹਿਲਾਂ ਥੋਕ ਕੀਮਤਾਂ ਲਗਭਗ 16-18 ਰੁਪਏ ਕਿਲੋਗ੍ਰਾਮ ਵਿਚਕਾਰ ਸਨ।
ਇਕ ਦਿੱਗਜ ਪਿਆਜ਼ ਬਰਾਮਦਕਾਰ ਦਾਨਿਸ਼ ਸ਼ਾਹ ਮੁਤਾਬਕ, ''ਭਾਰਤ 'ਚ ਹਾੜ੍ਹੀ ਦੀ ਫਸਲ ਲਗਭਗ 40 ਫੀਸਦੀ ਵੱਧ ਹੈ। ਹਾਲਾਂਕਿ, ਸਟੋਰੇਜ ਤੇ ਬਰਾਮਦ ਲਈ ਪਿਆਜ਼ ਦੀ ਗਰੇਡਿੰਗ ਤੇ ਪੈਕਿੰਗ ਲਈ ਲੇਬਰ ਦੀ ਘਾਟ ਵਰਗੇ ਕਈ ਮੁੱਦੇ ਹਨ।" ਉਨ੍ਹਾਂ ਕਿਹਾ ਕਿ ਭਾਰਤ 'ਚ ਮੰਗ ਦੀ ਘਾਟ ਦੇ ਨਾਲ-ਨਾਲ ਜ਼ਿਆਦਾਤਰ ਦੇਸ਼ਾਂ 'ਚ ਲਾਕਡਾਊਨ ਕਾਰਨ ਬਰਾਮਦ ਲਈ ਵੀ ਮੰਗ 'ਚ ਕਮੀ ਹੈ।
ਜ਼ਿਕਰਯੋਗ ਹੈ ਕਿ 2019 'ਚ ਪਿਆਜ਼ ਦੀਆਂ ਕੀਮਤਾਂ 100 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਵੀ ਪਾਰ ਕਰ ਗਈਆਂ ਸਨ, ਜਿਸ ਨਾਲ ਲੋਕਾਂ ਨੂੰ ਕਾਫੀ ਦਿੱਕਤ ਹੋਈ ਪਰ ਇਸ ਨਾਲ ਕਿਸਾਨਾਂ ਨੂੰ ਕਾਫੀ ਫਾਇਦਾ ਹੋ ਰਿਹਾ ਸੀ। ਪਿਛਲੇ ਸਾਲ ਪਿਆਜ਼ ਕੀਮਤਾਂ ਵਧਣ ਕਾਰਨ ਸਰਕਾਰ ਨੂੰ ਬਰਾਮਦ 'ਤੇ ਰੋਕ ਲਾਉਣੀ ਪਈ ਸੀ ਤੇ ਇਸ ਦੇ ਭੰਡਾਰ ਦੀ ਵੀ ਲਿਮਟ ਨਿਰਧਾਰਤ ਕਰਨੀ ਪਈ ਸੀ। 2019 'ਚ ਸਰਕਾਰ ਨੇ 56,000 ਟਨ ਪਿਆਜ਼ ਸਟਾਕ ਕੀਤਾ ਸੀ, ਇਸ ਦੌਰਾਨ ਸਪਲਾਈ 'ਚ ਸੰਕਟ ਕਾਰਨ ਕੀਮਤਾਂ 'ਚ ਉਛਾਲ ਤੋਂ ਸਬਕ ਲੈਂਦੇ ਹੋਏ 2020 'ਚ ਸਰਕਾਰ ਨੇ 1 ਲੱਖ ਟਨ ਪਿਆਜ਼ ਦਾ ਬਫਰ ਸਟਾਕ ਬਣਾਉਣ ਦੀ ਯੋਜਨਾ ਬਣਾਈ ਸੀ। ਪਿਛਲੇ ਸਾਲ ਮਿਸਰ ਤੇ ਅਫਗਾਨਿਸਤਾਨ ਤੋਂ ਵੀ ਪਿਆਜ਼ ਦਰਾਮਦ ਕੀਤਾ ਗਿਆ ਸੀ।