ਇਸ ਵਿਅਕਤੀ ਦੀ ਇਕ ਗਲਤੀ ਕਾਰਨ ਬਜਟ ਨੂੰ ਰੱਖਿਆ ਜਾਂਦਾ ਹੈ ਟਾਪ ਸੀਕ੍ਰੇਟ

01/27/2020 12:46:42 PM

ਨਵੀਂ ਦਿੱਲੀ — ਮੋਦੀ ਸਰਕਾਰ ਆਪਣਾ ਆਮ ਬਜਟ 1 ਫਰਵਰੀ 2020 ਯਾਨੀ ਕਿ ਅੱਜ ਤੋਂ ਚਾਰ ਦਿਨਾਂ ਬਾਅਦ ਸ਼ਨੀਵਾਰ ਨੂੰ ਪੇਸ਼ ਕਰਨ ਜਾ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਦਿਨ ਆਪਣਾ ਦੂਜਾ ਬਜਟ ਪੇਸ਼ ਕਰਨਗੇ। ਬਜਟ ਪੇਸ਼ ਕਰਨ ਤੋਂ ਪਹਿਲਾਂ ਕਈ ਖਾਸ ਗੱਲ੍ਹਾਂ ਦਾ ਧਿਆਨ ਰੱਖਿਆ ਜਾਂਦਾ ਹੈ ਖਾਸ ਕਰਕੇ ਇਸ ਦੀ ਗੁਪਤਤਾ ਨੂੰ ਲੈ ਕੇ। 

ਕੀ ਤੁਹਾਨੂੰ ਪਤਾ ਹੈ ਕਿ ਇੰਨੀ  ਗੁਪਤਤਾ ਬਜਟ ਦੌਰਾਨ ਕਿਉਂ ਵਰਤੀ ਜਾਂਦੀ ਹੈ। ਇਹ ਸਭ ਕੁਝ ਬੱਸ ਇਕ ਵਿਅਕਤੀ ਦੀ ਗਲਤੀ ਕਾਰਨ ਹੋਇਆ ਅਤੇ ਇਸ ਕਾਰਨ ਬ੍ਰਿਟੇਨ ਦੇ ਲੇਬਰ ਚਾਂਸਲਰ ਨੂੰ ਆਪਣੀ ਕੁਰਸੀ ਗਵਾਣੀ ਪਈ ਸੀ। ਦਰਅਸਲ ਬਜਟ ਨੂੰ ਗੁਪਤ ਰੱਖਣ ਦੀ ਸ਼ੁਰੂਆਤ ਭਾਰਤ ਤੋਂ ਨਹੀਂ ਸਗੋਂ ਬ੍ਰਿਟੇਨ ਤੋਂ ਹੋਈ ਸੀ। 1947 'ਚ ਬ੍ਰਿਟੇਨ ਦੀ ਸੰਸਦ ਵਿਚ ਬਜਟ ਪੇਸ਼ ਕੀਤਾ ਜਾਣਾ ਸੀ। 

PunjabKesari

ਉਸ ਸਮੇਂ ਦੇ ਲੇਬਰ ਚਾਂਸਲਰ ਐਡਵਰਡ ਡੈਲਟਨ ਬਜਟ ਪੇਸ਼ ਕਰਨ ਦੀਆਂ ਤਿਆਰੀਆਂ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਮਿਲਣ ਲਈ ਇਕ ਪੱਤਰਕਾਰ ਆਇਆ ਅਤੇ ਉਸਨੇ ਗੈਰ-ਰਸਮੀ ਗੱਲਬਾਤ ਦੌਰਾਨ ਬਜਟ ਦੇ ਟੈਕਸ ਪ੍ਰਸਤਾਵ ਬਾਰੇ ਪੁੱਛ ਲਿਆ। ਲੇਬਰ ਚਾਂਸਲਰ ਨੇ ਉਸ ਪੱਤਰਕਾਰ ਨੂੰ ਇਸ ਸੰਬੰਧੀ ਸਾਰੀ ਜਾਣਕਾਰੀ ਦੇ ਦਿੱਤੀ। ਬਜਟ ਅਗਲੇ ਹੀ ਦਿਨ 11 ਵਜੇ ਪੇਸ਼ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਸ਼ਾਮ ਦੀ ਅਖਬਾਰ 'ਚ ਟੈਕਸ ਪ੍ਰਸਤਾਵ ਦੀ ਖਬਰ ਲੀਕ ਹੋ ਗਈ। ਖਬਰ ਛਪਦੇ ਹੀ ਬ੍ਰਿਟੇਨ ਸਰਕਾਰ 'ਚ ਹੜਕੰਪ ਮੱਚ ਗਿਆ। ਡੈਲਟਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਸਰਕਾਰ ਦੀ ਗੁਪਤਤਾ ਭੰਗ ਕੀਤੀ ਹੈ ਅਤੇ ਉਨ੍ਹਾਂ ਨੇ ਆਪਣਾ ਅਸਤੀਫਾ ਬ੍ਰਿਟੇਨ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਕਲੇਮੈਂਟ ਏਟਲੀ ਨੂੰ ਸੌਂਪ ਦਿੱਤਾ। ਹਾਲਾਂਕਿ ਉਨ੍ਹਾਂ ਦੇ ਅਸਤੀਫੇ ਨੂੰ ਸਰਕਾਰ ਨੇ ਤੁਰੰਤ ਸਵੀਕਾਰ ਨਹੀਂ ਕੀਤਾ ਸੀ। ਵਿਰੋਧੀ ਨੇਤਾ ਵਿੰਸਟਨ ਚਰਚਿਲ ਵੀ ਡੈਲਟਨ ਦੇ ਬਚਾਅ 'ਚ ਆਏ ਪਰ ਉਨ੍ਹਾਂ ਨੇ ਆਪਣਾ ਅਸਤੀਫਾ ਵਾਪਸ ਨਹੀਂ ਲਿਆ। ਆਖਿਰ 'ਚ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰਨਾ ਪਿਆ।

ਇਸਦੇ ਬਾਅਦ ਤੋਂ ਬਜਟ ਨੂੰ ਗੁਪਤ ਰੱਖਣ ਦਾ ਇੰਤਜ਼ਾਮ ਕੀਤਾ ਜਾਣ ਲੱਗਾ। ਸੰਸਦ ਵਿਚ ਪੇਸ਼ ਹੋਣ ਦੇ ਬਾਅਦ ਹੀ ਬਜਟ ਦੀ ਜਾਣਕਾਰੀ ਜਨਤਕ ਕੀਤੀ ਜਾਂਦੀ ਹੈ। ਹਾਲਾਂਕਿ ਮੀਡੀਆ 'ਚ ਆਪਣੇ ਪੱਧਰ 'ਤੇ ਅੰਦਾਜ਼ੇ ਜ਼ਰੂਰ ਲੱਗਦੇ ਰਹਿੰਦੇ ਹਨ। ਭਾਰਤ ਵਿਚ ਵੀ ਬਜਟ ਨੂੰ ਗੁਪਤ ਰੱਖਣ ਲਈ ਪੁਖਤਾ ਇੰਤਜ਼ਾਮ ਕੀਤੇ ਜਾਂਦੇ ਹਨ। ਬਜਟ ਬਣਨ ਅਤੇ ਛਪਣ ਦੌਰਾਨ ਵਿੱਤ ਮੰਤਰਾਲੇ ਦੇ ਸਿਖਰ ਅਧਿਕਾਰੀ, ਮਾਹਰ, ਸਟੈਨੋਗ੍ਰਾਫਰਸ, ਪ੍ਰਿੰਟਿੰਗ ਟੈਕਨੀਸ਼ੀਅਨ ਅਤੇ ਹੋਰ ਕਰਮਚਾਰੀ ਨਾਰਥ ਬਲਾਕ ਵਿਚ ਇਕ ਤਰ੍ਹਾਂ ਨਾਲ ਕੈਦ ਹੋ ਕੇ ਰਹਿੰਦੇ ਹਨ। ਯਾਨੀ ਕਿ ਆਖਰੀ ਦੇ 7 ਦਿਨਾਂ ਤੱਕ ਉਹ ਦੁਨੀਆ ਤੋਂ ਇਕ ਦਮ ਵੱਖਰੇ ਹੋ ਜਾਂਦੇ ਹਨ। ਕਿਸੇ ਐਮਰਜੈਂਸੀ ਸਥਿਤੀ ਵਿਚ ਹੀ ਉਹ ਆਪਣੇ ਪਰਿਵਾਰ ਨਾਲ ਫੋਨ 'ਤੇ ਹੀ ਗੱਲਬਾਤ ਕਰ ਸਕਦੇ ਹਨ ਅਤੇ ਉਨ੍ਹਾਂ ਦੀ ਗੱਲਬਾਤ ਦੀ ਬਕਾਇਦਾ ਰਿਕਾਰਡਿੰਗ ਕੀਤੀ ਜਾਂਦੀ ਹੈ। ਇਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉਸ ਸਮੇਂ ਤੱਕ ਛੁੱਟੀ ਨਹੀਂ ਦਿੱਤੀ ਜਾਂਦੀ ਜਦੋਂ ਤੱਕ ਦੇਸ਼ ਦੇ ਵਿੱਤ ਮੰਤਰੀ ਸਦਨ ਵਿਚ ਬਜਟ ਪੇਸ਼ ਨਹੀਂ ਕਰ ਦਿੰਦੇ।

 


Related News