AirIndia ''ਤੇ ਮੰਡਰਾ ਰਿਹਾ ਹੈ ਇਹ ਸੰਕਟ, ਤੁਹਾਨੂੰ ਹੋ ਸਕਦੀ ਹੈ ਪ੍ਰੇਸ਼ਾਨੀ
Sunday, Sep 01, 2019 - 03:40 PM (IST)

ਨਵੀਂ ਦਿੱਲੀ— ਜੈੱਟ ਫਿਊਲ ਦੀ ਸਪਲਾਈ ਨੂੰ ਲੈ ਕੇ ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੀ ਮੁਸ਼ਕਲ ਹੋਰ ਵਧਣ ਜਾ ਰਹੀ ਹੈ। ਹੁਣ ਹੈਦਰਾਬਾਦ ਤੇ ਰਾਇਪੁਰ ਹਵਾਈ ਅੱਡੇ ’ਤੇ ਵੀ ਉਸ ਨੂੰ ਤੇਲ ਮਿਲਣਾ ਬੰਦ ਹੋ ਸਕਦਾ ਹੈ, ਜਿਸ ਕਾਰਨ ਉਸ ਦੀ ਹਵਾਈ ਸਰਵਿਸ ਖਾਸਾ ਪ੍ਰਭਾਵਿਤ ਹੋ ਸਕਦੀ ਹੈ। ਤੇਲ ਮਾਰਕੀਟਿੰਗ ਕੰਪਨੀਆਂ (ਓ. ਐੱਮ. ਸੀ.) ਨੇ ਪਿਛਲੇ ਬਕਾਏ ਨਾ ਮਿਲਣ ਕਾਰਨ ਤੇਲ ਸਪਲਾਈ ਰੋਕਣ ਦੀ ਚਿਤਾਵਨੀ ਦਿੱਤੀ ਹੈ।
ਇਸ ਤੋਂ ਪਹਿਲਾਂ ਤੇਲ ਮਾਰਕੀਟਿੰਗ ਫਰਮਾਂ ਨੇ ਮੋਹਾਲੀ, ਪੁਣੇ, ਵਿਜਾਗ, ਕੋਚੀ, ਪਟਨਾ ਤੇ ਰਾਂਚੀ ’ਚ ਪਿਛਲੇ ਮਹੀਨੇ ਦੀ 22 ਤਰੀਕ ਤੋਂ ਏਅਰ ਇੰਡੀਆ ਨੂੰ ਤੇਲ ਸਪਲਾਈ ਬੰਦ ਕੀਤੀ ਹੋਈ ਹੈ। ਰਾਸ਼ਟਰੀ ਜਹਾਜ਼ ਕੰਪਨੀ ’ਤੇ ‘ਇੰਡੀਅਨ ਆਇਲ, ਹਿੰਦੋਸਤਾਨ ਪੈਟਰੋਲੀਅਮ ਅਤੇ ਭਾਰਤ ਪੈਟਰੋਲੀਅਮ’ ਦਾ ਲਗਭਗ 4,300 ਕਰੋੜ ਰੁਪਏ ਬਕਾਇਆ ਹੈ, ਜੋ ਉਸ ਨੇ ਚੁਕਾਉਣਾ ਹੈ। ਹਾਲਾਂਕਿ, ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਇਸ ਸਾਲ ਅਪ੍ਰੈਲ ਤੋਂ ਜੈੱਟ ਫਿਊਲ ਲਈ ਰੋਜ਼ਾਨਾ 18 ਕਰੋੜ ਰੁਪਏ ਦਾ ਭੁਗਤਾਨ ਕਰ ਰਹੀ ਹੈ ਪਰ ਤੇਲ ਮਾਰਕੀਟਿੰਗ ਫਰਮਾਂ ਨੇ ਜਲਦ ਤੋਂ ਜਲਦ ਸਾਰੀ ਬਕਾਇਆ ਰਾਸ਼ੀ ਚੁਕਾਉਣ ਦੀ ਮੰਗ ਕੀਤੀ ਹੈ।
ਰਾਸ਼ਟਰੀ ਜਹਾਜ਼ ਕੰਪਨੀ ਉਨ੍ਹਾਂ ਹਵਾਈ ਅੱਡਿਆਂ ਤੋਂ ਕੌਮਾਂਤਰੀ ਉਡਾਣ ਨਹੀਂ ਭਰ ਰਹੀ ਹੈ, ਜਿਨ੍ਹਾਂ ’ਤੇ ਓ. ਐੱਮ. ਸੀ. ਨੇ ਜੈੱਟ ਫਿਊਲ ਦੀ ਸਪਲਾਈ ਬੰਦ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਹੈਦਰਾਬਾਦ ’ਚ ਵੀ ਸਪਲਾਈ ਰੋਕ ਦਿੱਤੀ ਜਾਂਦੀ ਹੈ ਤਾਂ ਹੱਜ ਸਮੇਤ ਉਸ ਦੀਆਂ ਕੁਝ ਕੌਮਾਂਤਰੀ ਉਡਾਣਾਂ ਦੇ ਨਾਲ-ਨਾਲ ਘਰੇਲੂ ਫਲਾਈਟਸ ਦਾ ਵੀ ਓਪਰੇਸ਼ਨ ਪ੍ਰਭਾਵਿਤ ਹੋ ਸਕਦਾ ਹੈ।