ਇਕ ਕਰੋੜ ਤੋਂ ਵੱਧ ਦੀ ਸਾਲਾਨਾ ਆਮਦਨ ਵਾਲੇ ਨਿੱਜੀ ਟੈਕਸਦਾਤਿਆਂ ਦੀ ਗਿਣਤੀ 2 ਸਾਲਾਂ ''ਚ ਹੋਈ ਦੁੱਗਣੀ
Tuesday, Aug 08, 2023 - 11:14 AM (IST)

ਨਵੀਂ ਦਿੱਲੀ (ਭਾਸ਼ਾ) - ਸਾਲਾਨਾ ਇਕ ਕਰੋੜ ਰੁਪਏ ਤੋਂ ਵੱਧ ਆਮਦਨ ਵਾਲੇ ਨਿੱਜੀ ਟੈਕਸਦਾਤਿਆਂ ਦੀ ਗਿਣਤੀ ਪਿਛਲੇ ਦੋ ਸਾਲਾਂ ਵਿੱਚ ਦੁੱਗਣੀ ਹੋ ਕੇ 1.69 ਲੱਖ ਹੋ ਗਈ। ਮੁਲਾਂਕਣ ਸਾਲ 2022-23 ਦੀ ਟੈਕਸ ਰਿਟਰਨ ਦੇ ਅੰਕੜਿਆਂ (ਵਿੱਤੀ ਸਾਲ 2021-22 ਦੀ ਕਮਾਈ ਹੋਈ ਆਮਦਨ ਨਾਲ ਸਬੰਧਤ) ਮੁਤਾਬਕ ਕੁੱਲ 1,69,890 ਲੋਕਾਂ ਨੇ ਸਾਲਾਨਾ ਆਮਦਨ 1 ਕਰੋੜ ਰੁਪਏ ਤੋਂ ਵੱਧ ਦਿਖਾਈ ਹੈ। ਇਸ ਤੋਂ ਪਹਿਲਾਂ ਮੁਲਾਂਕਣ ਸਾਲ 2021-22 ਵਿੱਚ ਅਜਿਹੇ ਲੋਕਾਂ ਦੀ ਗਿਣਤੀ 1,14,446 ਸੀ। ਮੁਲਾਂਕਣ ਸਾਲ 2020-21 ਵਿੱਚ 81,653 ਵਿਅਕਤੀਆਂ ਨੇ ਆਪਣੀ ਆਮਦਨ ਇਕ ਕਰੋੜ ਰੁਪਏ ਤੋਂ ਵੱਧ ਦਿਖਾਈ ਸੀ। ਮੁਲਾਂਕਣ ਸਾਲ 2022-23 ਵਿੱਚ 2.69 ਲੱਖ ਇਕਾਈਆਂ ਨੇ ਆਪਣੀ ਆਮਦਨ 1 ਕਰੋੜ ਰੁਪਏ ਤੋਂ ਵੱਧ ਦਿਖਾਈ। ਇਨ੍ਹਾਂ ਇਕਾਈਆਂ ਵਿੱਚ ਨਿੱਜੀ ਟੈਕਸਦਾਤਾ, ਕੰਪਨੀ, ਫਰਮ ਅਤੇ ਟਰੱਸਟ ਸ਼ਾਮਲ ਹਨ।
ਮਹਾਰਾਸ਼ਟਰ ਪਹਿਲਾਂ ਅਤੇ ਯੂਪੀ ਦੂਜੇ ਸਥਾਨ 'ਤੇ
ਮੁਲਾਂਕਣ ਸਾਲ 2022-23 ਵਿੱਚ ਭਰੇ ਗਏ ਆਈ. ਟੀ. ਆਰ. ਦੀ ਗਿਣਤੀ 7.78 ਕਰੋੜ ਰਹੀ, ਜੋ ਮੁਲਾਂਕਣ ਸਾਲ 2021-22 ਅਤੇ 2020-21 ਵਿੱਚ ਕ੍ਰਮਵਾਰ : 7.14 ਕਰੋੜ ਅਤੇ 7.39 ਕਰੋੜ ਸੀ। ਸੂਬਾਵਾਰ ਦੇਖਿਆ ਜਾਵੇ ਤਾਂ ਮੁਲਾਂਕਣ ਸਾਲ 2022-23 ਲਈ ਮਹਾਰਾਸ਼ਟਰ ਚੋਟੀ ’ਤੇ ਰਿਹਾ ਜਿੱਥੇ 1.98 ਕਰੋੜ ਆਮਦਨ ਕਰ ਰਿਟਰਨ ਦਾਖਲ ਕੀਤੇ ਗਏ। ਉਸ ਤੋਂ ਬਾਅਦ ਉੱਤਰ ਪ੍ਰਦੇਸ਼ (75.72 ਲੱਖ), ਗੁਜਰਾਤ (75.62 ਲੱਖ) ਅਤੇ ਰਾਜਸਥਾਨ (50.88 ਲੱਖ) ਦਾ ਸਥਾਨ ਰਿਹਾ। ਪੱਛਮੀ ਬੰਗਾਲ ਵਿੱਚ 47.93 ਲੱਖ, ਤਾਮਿਲਨਾਡੂ ਵਿੱਚ 7.91 ਲੱਖ, ਕਰਨਾਟਕ ’ਚ 42.82 ਲੱਖ, ਆਂਧਰਾ ਪ੍ਰਦੇਸ਼ ਵਿੱਚ 40.09 ਲੱਖ ਅਤੇ ਦਿੱਲੀ ’ਚ 39.99 ਲੱਖ ਇਨਕਮ ਟੈਕਸ ਰਿਟਰਨ ਦਾਖਲ ਹੋਏ।
ਅਪ੍ਰੈਲ-ਜੂਨ 2023 'ਚ ਦਾਖਲ ਟੈਕਸ ਰਿਟਰਨਾਂ ਦੀ ਸੰਖਿਆ ਦੁੱਗਣੀ ਹੋ ਕੇ 1.36 ਕਰੋੜ ਦੇ ਪਾਰ
ਦੇਸ਼ ਵਿੱਚ ਅਪ੍ਰੈਲ-ਜੂਨ 2023 ਦੇ ਵਿਚਕਾਰ ਦਾਇਰ ਕੀਤੇ ਇਨਕਮ ਟੈਕਸ ਰਿਟਰਨਾਂ ਦੀ ਸੰਖਿਆ ਸਾਲਾਨਾ ਆਧਾਰ 'ਤੇ ਲਗਭਗ ਦੁੱਗਣੀ ਹੋ ਕੇ 1.36 ਕਰੋੜ ਨੂੰ ਪਾਰ ਕਰ ਗਈ ਹੈ। ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਜੁਲਾਈ 2023 ਸੀ। ਜਿਹੜੀਆਂ ਕੰਪਨੀਆਂ ਅਤੇ ਲੋਕਾਂ ਲਈ ਆਪਣੇ ਖਾਤਿਆਂ ਦਾ ਆਡਿਟ ਕਰਵਾਉਣਾ ਜ਼ਰੂਰੀ ਹੈ, ਉਹਨਾਂ ਦੇ ਲਈ ਵਿੱਤੀ ਸਾਲ 2022-23 ਵਿੱਚ ਕਮਾਈ ਗਈ ਆਮਦਨ ਲਈ ਆਮਦਨ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਅਕਤੂਬਰ ਹੈ।
ਜੁਲਾਈ 'ਚ 5.41 ਕਰੋੜ ਤੋਂ ਜ਼ਿਆਦਾ ਰਿਟਰਨ ਫਾਈਲ ਕੀਤੇ ਗਏ ਸਨ। ਆਮਦਨ ਕਰ ਵਿਭਾਗ ਦੇ ਅਨੁਸਾਰ ਮੁਲਾਂਕਣ ਸਾਲ 2023-24 ਲਈ 31 ਜੁਲਾਈ ਤੱਕ ਰਿਕਾਰਡ 6.77 ਕਰੋੜ ਆਮਦਨ ਟੈਕਸ ਰਿਟਰਨ ਦਾਖਲ ਕੀਤੇ ਗਏ ਸਨ। ਇਸ ਵਿੱਚ ਪਹਿਲੀ ਵਾਰ 53.67 ਲੱਖ ਲੋਕਾਂ ਨੇ ਇਨਕਮ ਟੈਕਸ ਰਿਟਰਨ ਭਰੀ। ITR ਫਾਈਲਿੰਗ ਲਈ ਔਨਲਾਈਨ ਪਲੇਟਫਾਰਮ 'ਤੇ ਉਪਲਬਧ ਤੁਲਨਾਤਮਕ ਡੇਟਾ ਅਨੁਸਾਰ ਅਪ੍ਰੈਲ-ਜੂਨ 2022-23 ਵਿੱਚ 70.34 ਲੱਖ ਤੋਂ ਵੱਧ ਆਮਦਨ ਟੈਕਸ ਰਿਟਰਨ ਦਾਇਰ ਕੀਤੇ ਗਏ ਸਨ। ਅਪ੍ਰੈਲ-ਜੂਨ 2023-24 'ਚ ਇਹ ਸੰਖਿਆ 93.76 ਫ਼ੀਸਦੀ ਵਧ ਕੇ 1.36 ਕਰੋੜ ਤੋਂ ਵੱਧ ਹੋ ਗਈ। ਅੰਕੜਿਆਂ ਮੁਤਾਬਕ ਇਸ ਵਾਰ 26 ਜੂਨ ਤੱਕ ਇਕ ਕਰੋੜ ਆਈ.ਟੀ.ਆਰ., ਜਦਕਿ ਪਿਛਲੇ ਸਾਲ 8 ਜੁਲਾਈ ਤੱਕ ਇਕ ਕਰੋੜ ਇਨਕਮ ਟੈਕਸ ਰਿਟਰਨ ਦਾਖਲ ਕੀਤੇ ਗਏ ਸਨ।