ਹੁਣ ਰੁਪੈ ਕਾਰਡ ਨਾਲ ਬਿਨਾਂ ਇੰਟਰਨੈੱਟ ਦੀ ਵੀ ਹੋ ਸਕੇਗਾ ਲੈਣ-ਦੇਣ
Wednesday, Dec 16, 2020 - 08:10 PM (IST)
ਨਵੀਂ ਦਿੱਲੀ— ਹੁਣ ਰੁਪੈ ਕਾਰਡ ਨਾਲ ਬਿਨਾਂ ਇੰਟਰਨੈੱਟ ਦੇ ਵੀ ਭੁਗਤਾਨ ਕੀਤਾ ਜਾ ਸਕੇਗਾ। ਬੁੱਧਵਾਰ ਨੂੰ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ.ਪੀ. ਸੀ. ਆਈ.) ਨੇ ਕਿਹਾ ਕਿ 'ਰੁਪੈ ਕੰਟੈਕਟਲੈੱਸ' ਕਾਰਡ 'ਚ ਆਫ਼ਲਾਈਨ ਭੁਗਤਾਨ ਲਈ ਇਕ ਨਵਾਂ ਫੀਚਰ ਜੋੜਿਆ ਗਿਆ ਹੈ।
ਇਸ ਫੀਚਰ ਦੇ ਜੁੜਨ ਨਾਲ ਹੁਣ ਰੁਪੈ ਕੰਟੈਕਲੈੱਸ ਕਾਰਡ ਨਾਲ ਪੀ. ਓ. ਐੱਸ. ਮਸ਼ੀਨ 'ਤੇ ਆਸਾਨੀ ਨਾਲ ਭੁਗਤਾਨ ਕੀਤਾ ਜਾ ਸਕਦਾ ਹੈ।
ਰਿਟੇਲ ਪੇਮੈਂਟ ਨੈੱਟਵਰਕ ਮੁਤਾਬਕ, ਕਾਰਡਧਾਰਕਾਂ ਲਈ ਇਹ ਖ਼ਾਸ ਫੀਚਰ ਸਾਬਤ ਹੋਣ ਵਾਲਾ ਹੈ ਕਿਉਂਕਿ ਨਵੇਂ ਫੀਚਰ ਨਾਲ ਕਮਜ਼ੋਰ ਨੈੱਟਵਰਕ ਜਾਂ ਬਿਨਾਂ ਇੰਟਰਨੈੱਟ ਦੇ ਵੀ ਛੋਟੇ ਲੈਣ-ਦੇਣ ਕੀਤੇ ਜਾ ਸਕਦੇ ਹਨ। ਇਸ 'ਚ ਬੱਸ ਟਿਕਟ, ਕੈਬ ਦਾ ਕਿਰਾਇਆ ਆਦਿ ਦਾ ਭੁਗਤਾਨ ਸ਼ਾਮਲ ਹੈ। ਇਸ ਦੀ ਖ਼ਾਸ ਗੱਲ ਇਹ ਹੈ ਕਿ ਇਹ ਸਾਧਾਰਣ ਲੈਣ-ਦੇਣ ਤੋਂ ਕਾਫ਼ੀ ਤੇਜ਼ ਕੰਮ ਕਰਦਾ ਹੈ। ਇਸ 'ਚ ਜਾਣਕਾਰੀ ਭਰਨ ਤੋਂ ਬਾਅਦ ਸਿਰਫ ਓਕੇ ਕਰਨਾ ਹੁੰਦਾ ਹੈ ਅਤੇ ਘੱਟ ਸਮੇਂ 'ਚ ਹੀ ਭੁਗਤਾਨ ਆਸਾਨੀ ਨਾਲ ਪੂਰਾ ਹੋ ਜਾਂਦਾ ਹੈ।
ਐੱਨ.ਪੀ. ਸੀ. ਆਈ. ਨੇ ਰੁਪੈ ਕਾਰਡ 'ਚ ਅਜਿਹੀਆਂ ਸਹੂਲਤਾਂ ਜੋੜੀਆਂ ਹਨ, ਜੋ ਸੀਮਤ ਇੰਟਰਨੈੱਟ ਵਾਲੇ ਖੇਤਰਾਂ 'ਚ ਵੀ ਆਫਲਾਈਨ ਲੈਣ-ਦੇਣ ਨੂੰ ਸੰਭਵ ਬਣਾਉਣਗੀਆਂ। ਇਸ ਦੇ ਨਾਲ ਹੀ ਸੁਵਿਧਾਜਨਕ ਪ੍ਰਚੂਨ ਲੈਣ-ਦੇਣ ਲਈ ਵਾਲਿਟ ਸੁਵਿਧਾ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਐੱਨ. ਪੀ. ਸੀ. ਆਈ. ਨੇ ਕਿਹਾ ਕਿ ਰੁਪੈ ਕਾਰਡਧਾਰਕ ਸੀਮਤ ਨੈੱਟਵਰਕ ਵਾਲੇ ਖੇਤਰਾਂ 'ਚ ਪੀ. ਓ. ਐੱਸ. ਮਸ਼ੀਨਾਂ 'ਤੇ ਸੰਪਰਕ ਰਹਿਤ ਆਫਲਾਈਨ ਭੁਗਤਾਨ ਕਰ ਸਕਦੇ ਹਨ ਅਤੇ ਰੁਪੈ ਕੰਟੈਕਟਲੈੱਸ ਦੇ ਰੂਪ 'ਚ ਵਾਲਿਟ ਦੀ ਵਾਧੂ ਸੁਵਿਧਾ ਨਾਲ ਰੋਜ਼ਾਨਾ ਜ਼ਰੂਰਤ ਦਾ ਪ੍ਰਚੂਨ ਲੈਣ-ਦੇਣ ਕੀਤਾ ਜਾ ਸਕਦਾ ਹੈ।