NPA Crisis : ਰਿਜ਼ਰਵ  ਬੈਂਕ ਦੇ ਸਾਬਕਾ ਗਵਰਨਰ ਰਾਜਨ ਦੀ ਮਦਦ ਲਵੇਗੀ ਸੰਸਦੀ ਕਮੇਟੀ

Monday, Aug 20, 2018 - 05:00 PM (IST)

NPA Crisis : ਰਿਜ਼ਰਵ  ਬੈਂਕ ਦੇ ਸਾਬਕਾ ਗਵਰਨਰ ਰਾਜਨ ਦੀ ਮਦਦ ਲਵੇਗੀ ਸੰਸਦੀ ਕਮੇਟੀ

ਨਵੀਂ ਦਿੱਲੀ - ਵਧਦੇ ਹੋਏ ਐੱਨ. ਪੀ. ਏ. (ਨਾਨ-ਪ੍ਰਫਾਰਮਿੰਗ ਏਸੈੱਟਸ) ਦੇ ਮੁੱਦੇ 'ਤੇ ਅਧਿਐਨ ਕਰ ਰਹੀ ਸੰਸਦ ਦੀ ਇਕ ਕਮੇਟੀ ਨੇ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੂੰ ਉਸ ਦੇ ਸਾਹਮਣੇ ਪੇਸ਼ ਹੋਣ ਅਤੇ ਇਸ ਵਿਸ਼ੇ 'ਤੇ ਜਾਣਕਾਰੀ ਦੇਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਆਰਥਕ ਸਲਾਹਕਾਰ  (ਸੀ. ਈ. ਏ.) ਅਰਵਿੰਦ ਸੁਬਰਾਮਨੀਅਨ ਨੇ ਐੱਨ. ਪੀ. ਏ. ਸੰਕਟ ਨੂੰ ਪਛਾਣਨ ਅਤੇ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨ ਲਈ ਭਾਜਪਾ ਨੇਤਾ ਮੁਰਲੀ ਮਨੋਹਰ ਜੋਸ਼ੀ ਦੀ ਅਗਵਾਈ ਵਾਲੀ ਸੰਸਦ ਦੀ 'ਐਸਟੀਮੇਟ ਕਮੇਟੀ' ਦੇ ਸਾਹਮਣੇ ਰਾਜਨ ਦੀ ਪ੍ਰਸ਼ੰਸਾ ਕੀਤੀ ਸੀ।  
ਇਕ ਸੂਤਰ ਨੇ ਕਿਹਾ ਕਿ ਇਸ ਤੋਂ ਬਾਅਦ ਜੋਸ਼ੀ ਨੇ ਰਾਜਨ ਨੂੰ ਪੱਤਰ ਲਿਖ ਕੇ ਕਮੇਟੀ ਦੇ ਸਾਹਮਣੇ ਮੌਜੂਦ ਹੋਣ ਅਤੇ ਉਸ ਦੇ ਮੈਂਬਰਾਂ ਨੂੰ ਦੇਸ਼ 'ਚ ਵਧਦੇ ਐੱਨ. ਪੀ. ਏ. ਦੇ ਮੁੱਦੇ 'ਤੇ ਜਾਣਕਾਰੀ ਦੇਣ ਲਈ ਕਿਹਾ ਹੈ। ਸਤੰਬਰ 2016 ਤੱਕ 3 ਸਾਲ ਆਰ. ਬੀ. ਆਈ. ਦੇ ਗਵਰਨਰ ਰਹੇ ਰਾਜਨ ਫਿਲਹਾਲ ਸ਼ਿਕਾਗੋ ਬੂਥ ਸਕੂਲ ਆਫ ਬਿਜ਼ਨੈੱਸ 'ਚ ਵਿੱਤੀ ਮਾਮਲਿਆਂ ਦੇ ਪ੍ਰੋਫੈਸਰ ਹਨ।  
ਇਕ ਸੂਤਰ ਨੇ ਕਿਹਾ ਕਿ ਸੁਬਰਾਮਨੀਅਨ ਨੇ ਐੱਨ. ਪੀ. ਏ. ਦੀ ਸਮੱਸਿਆ ਦੀ ਪਛਾਣ ਲਈ ਰਾਜਨ ਦੀ ਤਾਰੀਫ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਪੱਤਰ ਲਿਖ ਕੇ ਸੱਦਿਆ ਗਿਆ। ਸੁਬਰਾਮਨੀਅਨ ਨੇ ਪਿਛਲੇ ਮਹੀਨੇ ਸੀ. ਈ. ਏ. ਦੇ ਨਾਤੇ ਕਮੇਟੀ ਦੇ ਸਾਹਮਣੇ ਵੱਡੇ ਕਰਜ਼ਿਆਂ ਦੀ ਪੂਰਤੀ ਨਾ ਹੋਣ ਦੇ ਮੁੱਦੇ 'ਤੇ ਜਾਣਕਾਰੀ ਰੱਖੀ ਸੀ।


Related News