ਭਾਰਤੀ ਵਿਦੇਸ਼ੀ ਨਾਗਰਿਕਾਂ ਨੂੰ ਤੋਹਫਾ, NPS ਵਿਚ ਨਿਵੇਸ਼ ਦੀ ਮਿਲੀ ਖੁੱਲ੍ਹੀ ਛੋਟ
Wednesday, Oct 30, 2019 - 03:44 PM (IST)
ਨਵੀਂ ਦਿੱਲੀ— ਭਾਰਤੀ ਵਿਦੇਸ਼ੀ ਨਾਗਰਿਕਾਂ (ਓ. ਸੀ. ਆਈਜ਼.) ਲਈ ਗੁੱਡ ਨਿਊਜ਼ ਹੈ। ਹੁਣ ਉਹ ਵੀ ਨੈਸ਼ਨਲ ਪੈਨਸ਼ਨ ਸਕੀਮ (ਐੱਨ. ਪੀ. ਐੱਸ.) 'ਚ ਨਿਵੇਸ਼ ਕਰ ਸਕਦੇ ਹਨ ਤੇ ਇਸ ਤਹਿਤ ਮਿਲਦੇ ਟੈਕਸ ਲਾਭਾਂ ਦਾ ਫਾਇਦਾ ਉਠਾ ਸਕਣਗੇ। ਸਰਕਾਰ ਨੇ ਓ. ਸੀ. ਆਈਜ਼. ਨੂੰ ਐੱਨ. ਪੀ. ਸੀ. 'ਚ ਨਿਵੇਸ਼ ਕਰਨ ਦੀ ਹਰੀ ਝੰਡੀ ਦੇ ਦਿੱਤੀ ਹੈ। ਓ. ਸੀ. ਆਈ. ਦੇ ਤੌਰ 'ਤੇ ਰਜਿਸਟਰਡ ਲੋਕਾਂ ਲਈ ਇਹ ਵੱਡੀ ਖੁਸ਼ਖਬਰੀ ਹੈ।
ਪੈਨਸ਼ਨ ਫੰਡ ਪ੍ਰਬੰਧਨ ਤੇ ਵਿਕਾਸ ਅਥਾਰਟੀ (ਪੀ. ਐੱਫ. ਆਰ. ਡੀ. ਏ.) ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ ਕਿ ਓ. ਸੀ. ਆਈਜ਼. ਵੀ ਹੁਣ ਐੱਨ. ਆਰ. ਆਈਜ਼. ਦੀ ਤਰ੍ਹਾਂ ਨੈਸ਼ਨਲ ਪੈਨਸ਼ਨ ਸਕੀਮ ਨਾਲ ਜੁੜ ਸਕਦੇ ਹਨ। ਇਸ ਤੋਂ ਪਹਿਲਾਂ ਓ. ਸੀ. ਆਈ. ਨੈਸ਼ਨਲ ਪੈਨਸ਼ਨ ਸਕੀਮ 'ਚ ਨਿਵੇਸ਼ ਨਹੀਂ ਕਰ ਸਕਦੇ ਸਨ। ਮਈ 2015 'ਚ ਪੀ. ਐੱਫ. ਆਰ. ਡੀ. ਏੇ. ਨੇ ਇਕ ਸਰਕੂਲਰ 'ਚ ਕਿਹਾ ਸੀ ਕਿ ਐੱਚ. ਯੂ. ਐੱਫ., ਓ. ਸੀ. ਆਈਜ਼. ਅਤੇ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਨੈਸ਼ਨਲ ਪੈਨਸ਼ਨ ਸਕੀਮ 'ਚ ਨਿਵੇਸ਼ ਕਰਨ ਦੀ ਮਨਜ਼ੂਰੀ ਨਹੀਂ ਹੈ।
ਹੁਣ ਓਵਰਸੀਜ਼ ਭਾਰਤੀ ਸਿਟੀਜ਼ਨਸ ਐੱਨ. ਪੀ. ਐੱਸ.-1 ਖਾਤਾ ਖੁੱਲ੍ਹਵਾ ਸਕਦੇ ਹਨ। ਨੈਸ਼ਨਲ ਪੈਨਸ਼ਨ ਸਕੀਮ ਸਰਕਾਰ ਵੱਲੋਂ ਚਲਾਈ ਜਾਂਦੀ ਪੈਨਸ਼ਨ ਸਕੀਮ ਹੈ, ਜਿਸ ਦਾ ਜਿੰਮਾ ਪੀ. ਐੱਫ. ਆਰ. ਡੀ. ਏ. ਕੋਲ ਹੈ। ਇਹ ਬਾਜ਼ਾਰ ਲਿੰਕਡ ਸਕੀਮ ਹੈ ਤੇ 60 ਸਾਲ ਦੀ ਉਮਰ ਹੋਣ 'ਤੇ ਪੈਨਸ਼ਨ ਉਪਲੱਬਧ ਕਰਵਾਉਣ ਦੀ ਵਿਵਸਥਾ ਹੈ, ਯਾਨੀ 60 ਦੀ ਉਮਰ ਹੋਣ ਤਕ ਇਸ 'ਚ ਨਿਵੇਸ਼ ਕਰਨਾ ਹੁੰਦਾ ਹੈ। ਇਸ 'ਚ ਨਿਵੇਸ਼ 'ਤੇ ਇਨਕਮ ਟੈਕਸ ਦੀ ਧਾਰਾ 80ਸੀਸੀਡੀ (1) 'ਚ 1.50 ਲੱਖ ਰੁਪਏ ਦੀ ਛੋਟ ਤੋਂ ਇਲਾਵਾ 80ਸੀਸੀਡੀ (1ਬੀ) ਤਹਿਤ 50,000 ਰੁਪਏ ਤਕ ਦੀ ਵਾਧੂ ਛੋਟ ਮਿਲਦੀ ਹੈ।