ਹੁਣ ਸੈਲੂਨ ਬਿਜਨੈੱਸ ਵੀ ਚਲਾਏਗੀ ਮੁਕੇਸ਼ ਅੰਬਾਨੀ ਦੀ ਰਿਲਾਇੰਸ! ਇਸ ਕੰਪਨੀ ''ਚ ਨਿਵੇਸ਼ ਦੀ ਯੋਜਨਾ
Friday, Nov 04, 2022 - 04:35 PM (IST)

ਬਿਜਨੈੱਸ ਡੈਸਕ- ਤੇਲ ਤੋਂ ਲੈ ਕੇ ਰਿਟੇਲ ਤੱਕ ਫੈਲੀ ਰਿਲਾਇੰਸ ਇੰਡਸਟਰੀਜ਼ ਜਲਦ ਹੀ ਸੈਲੂਨ ਕਾਰੋਬਾਰ 'ਚ ਐਂਟਰੀ ਕਰਨ ਵਾਲੀ ਹੈ। ਇਕ ਰਿਪੋਰਟ ਦੇ ਮੁਤਾਬਕ ਬਾਜ਼ਾਰ ਮੁੱਲ ਦੇ ਹਿਸਾਬ ਨਾਲ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਚੇਨਈ ਸਥਿਤ ਨੈਚੁਰਲ ਸੈਲੂਨ ਐਂਡ ਸਪਾ 'ਚ 49 ਫੀਸਦੀ ਹਿੱਸੇਦਾਰੀ ਖਰੀਦਣ ਲਈ ਗੱਲ ਕਰ ਰਹੀ ਹੈ। ਇਸ ਕਦਮ ਨਾਲ ਕੰਪਨੀ ਐੱਚ.ਯੂ.ਐੱਲ ਅਤੇ ਲੈਕਮੇ ਦੇ ਨਾਲ ਸਿੱਧੇ ਮੁਕਾਬਲੇ ਵਿੱਚ ਉਤਰ ਜਾਵੇਗੀ। ਪਿਛਲੀ ਤਿਮਾਹੀ ਵਿੱਚ ਰਿਲਾਇੰਸ ਰਿਟੇਲ ਨੇ ਕਾਸਮੈਟਿਕਸ ਸੈਗਮੇਂਟ ਦੀ ਇੱਕ ਕੰਪਨੀ ਵਿੱਚ ਮੇਜੋਰਿਟੀ ਸਟੇਕ ਖਰੀਦਿਆ ਸੀ। ਦਰਅਸਲ ਰਿਲਾਇੰਸ ਰਿਟੇਲ ਆਪਣੇ ਖੁਦ ਦੇ ਬਿਊਟੀ ਪ੍ਰਾਡਕਟ ਦੇ ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਅਨੁਮਾਨ ਹੈ ਕਿ ਨਵੀਂ ਖਰੀਦ ਇਸ ਰਣਨੀਤੀ ਦਾ ਇੱਕ ਹਿੱਸਾ ਹੈ। ਹਾਲਾਂਕਿ ਕੰਪਨੀ ਨੇ ਹਿੱਸੇਦਾਰੀ ਦੀ ਖਰੀਦ ਦੇ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੰਪਨੀ ਗਰੂਮ ਇੰਡੀਆ ਸੈਲੂਨ ਐਂਡ ਸਪਾ 'ਚ 49 ਫ਼ੀਸਦੀ ਹਿੱਸਾ ਖਰੀਦਣ ਦੀ ਗੱਲਬਾਤ 'ਚ ਅਗਾਊਂ ਪੜਾਅ ਵਿੱਚ ਪਹੁੰਚ ਗਈ ਹੈ। ਗਰੂਮ ਇੰਡੀਆ ਨੈਚੁਰਲ ਸੈਲੂਨ ਨੂੰ ਅਪਰੇਟ ਕਰਦੀ ਹੈ। ਕੰਪਨੀ ਨਾਲ ਜੁੜੇ ਇੱਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਫਿਲਹਾਲ ਕੰਪਨੀ ਦੇ ਦੇਸ਼ ਭਰ ਵਿੱਚ 700 ਸੈਲੂਨ ਹਨ ਅਤੇ ਰਿਲਾਇੰਸ ਇੰਡਸਟਰੀਜ਼ ਇਨ੍ਹਾਂ ਦੀ ਗਿਣਤੀ 4 ਤੋਂ 5 ਗੁਣਾ ਕਰਨਾ ਚਾਹੁੰਦੀ ਹੈ। ਡੀਲ ਵਿੱਚ ਰਿਲਾਇੰਸ ਇੰਡਸਟਰੀਜ਼ ਸਿਰਫ਼ ਹਿੱਸਾ ਖਰੀਦਣ ਅਤੇ ਸ਼ੇਅਰ ਧਾਰਕ ਦੀ ਭੂਮਿਕਾ ਵਿੱਚ ਹੀ ਰਹੇਗੀ। ਕੰਪਨੀ ਦੇ ਆਪਰੇਸ਼ਨਸ ਮੌਜੂਦਾ ਪ੍ਰਮੋਟਰਾਂ ਹੀ ਸੰਭਾਲਣਗੇ ਅਤੇ ਰਿਲਾਇੰਸ ਦੇ ਫੰਡਾਂ ਦੀ ਵਰਤੋਂ ਵਿਸਥਾਰ ਲਈ ਕੀਤੀ ਜਾਵੇਗੀ।
ਮਹਾਂਮਾਰੀ ਤੋਂ ਬਾਅਦ ਬਦਲੀ ਸੈਲੂਨ ਇੰਡਸਟਰੀ
ਮਹਾਂਮਾਰੀ ਨਾਲ ਮਿਲੇ ਝਟਕੇ ਤੋਂ ਬਾਅਦ ਸੈਲੂਨ ਇੰਡਸਟਰੀ ਵਿੱਚ ਤਬਦੀਲੀ ਆ ਰਹੀ ਹੈ। ਇੰਡਸਟਰੀ ਵਿੱਚ ਫਿਲਹਾਲ ਅਸੰਗਠਿਤ ਖੇਤਰ ਦਾ ਹਿੱਸਾ ਕਾਫ਼ੀ ਵੱਡਾ ਹੈ। 20 ਹਜ਼ਾਰ ਕਰੋੜ ਦੀ ਇਸ ਇੰਡਸਟਰੀ 'ਚ ਕਰੀਬ 65 ਲੱਖ ਬਿਊਟੀ ਪਾਰਲਰ, ਛੋਟੀਆਂ ਦੁਕਾਨਾਂ ਅਤੇ ਸੈਲੂਨ ਸ਼ਾਮਲ ਹਨ। ਇਸ ਵਿੱਚੋਂ ਕਈਆਂ ਦਾ ਕਾਰੋਬਾਰ ਮਹਾਂਮਾਰੀ ਦੇ ਦੌਰਾਨ ਠੱਪ ਪੈ ਗਿਆ ਹੈ। ਇਸ ਕਾਰਨ ਕਰਕੇ ਇੰਡਸਟਰੀ ਨੇ ਹੁਣ ਕੰਮ ਕਰਨ ਦਾ ਤਰੀਕਾ ਬਦਲ ਦਿੱਤਾ ਹੈ ਅਤੇ ਸੈਲੂਨ ਹੁਣ ਬਿਊਟੀ ਪ੍ਰਾਡੈਕਟ ਰਿਟੇਲਰ ਦੀ ਤਰ੍ਹਾਂ ਕੰਮ ਕਰ ਰਹੇ ਹਨ ਜਿੱਥੇ ਤੁਹਾਨੂੰ ਸੇਵਾਵਾਂ ਦੇ ਨਾਲ ਬਿਊਟੀ ਪ੍ਰਾਡੈਕਟ ਵੀ ਮਿਲ ਰਹੇ ਹਨ। ਰਿਲਾਇੰਸ ਰਿਟੇਲ ਇਸ ਕਾਨਸੈਪਟ ਨੂੰ ਵੱਡੇ ਪੱਧਰ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੰਪਨੀ ਦੀ ਕਾਸਮੈਟਿਕ ਕੰਪਨੀ ਦੀ ਖਰੀਦ ਅਤੇ ਸੈਲੂਨ ਵਿੱਚ ਹਿੱਸੇਦਾਰੀ ਇਸ ਯੋਜਨਾ ਦਾ ਹਿੱਸਾ ਹੈ।