ਸਰਕਾਰ ਵੱਲੋਂ ਡਿਸ਼ ਟੀਵੀ ਨੂੰ ਲਾਇਸੈਂਸ ਫ਼ੀਸ ਲਈ 4,100 ਕਰੋੜ ਦਾ ਨੋਟਿਸ ਜਾਰੀ

12/25/2020 10:19:30 PM

ਨਵੀਂ ਦਿੱਲੀ- ਡਿਸ਼ ਟੀ. ਵੀ. ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੂੰ ਸਰਕਾਰ ਤੋਂ ਲਾਇਸੈਂਸ ਫ਼ੀਸ ਅਤੇ ਵਿਆਜ ਦੇ ਤੌਰ 'ਤੇ 4,164.05 ਕਰੋੜ ਰੁਪਏ ਦੇ ਭੁਗਤਾਨ ਲਈ ਨੋਟਿਸ ਮਿਲਿਆ ਹੈ।

ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਸੂਚਨਾ ਤੇ ਪ੍ਰਸਾਰਣ ਮੰਤਰਾਲਾ (ਐੱਮ. ਆਈ. ਬੀ.) ਨੇ 24 ਦਸੰਬਰ 2020 ਦੇ ਪੱਤਰ ਵਿਚ ਐਸਲ ਸਮੂਹ ਦੀ ਕੰਪਨੀ ਨੂੰ ਕਿਹਾ ਕਿ ਉਹ ਡਾਇਰੈਕਟ ਟੂ ਹੋਮ (ਡੀ. ਟੀ. ਐੱਚ.) ਲਾਇਸੈਂਸ ਜਾਰੀ ਕੀਤੇ ਜਾਣ ਤੋਂ ਲੈ ਕੇ ਵਿੱਤੀ ਸਾਲ 2018-19 ਤੱਕ ਲਾਇਸੈਂਸ ਫ਼ੀਸ ਦੇ ਤੌਰ 'ਤੇ ਉਕਤ ਰਾਸ਼ੀ ਅਦਾ ਕਰੇ।

ਕੰਪਨੀ ਨੇ ਦੱਸਿਆ ਕਿ ਐੱਮ. ਆਈ. ਬੀ. ਨੇ ਉਸ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ 15 ਦਿਨਾਂ ਅੰਦਰ ਕੁੱਲ 4,164.05 ਕਰੋੜ ਰੁਪਏ ਦਾ ਭੁਗਤਾਨ ਕਰੇ। ਇਸ ਧਨਰਾਸ਼ੀ ਵਿਚ ਲਾਇਸੈਂਸ ਫ਼ੀਸ ਅਤੇ ਵਿਆਜ ਸ਼ਾਮਲ ਹੈ। ਕੰਪਨੀ ਨੇ ਕਿਹਾ ਕਿ ਉਹ ਅਗਲੇ ਕਦਮ ਲਈ ਐੱਮ. ਆਈ. ਬੀ. ਦੇ ਹੁਕਮ ਦਾ ਅਧਿਐਨ ਕਰ ਰਹੀ ਹੈ। ਡਿਸ਼ ਟੀ. ਵੀ. ਨੂੰ ਅਕਤੂਬਰ 2013 ਵਿਚ ਡੀ. ਟੀ. ਐੱਚ. ਲਾਇਸੈਂਸ ਮਿਲਿਆ ਸੀ।


Sanjeev

Content Editor Sanjeev