ਐਲਨ ਮਸਕ ਹੀ ਨਹੀਂ, ਇਨ੍ਹਾਂ CEOs ਨੂੰ ਵੀ ਮਹਿੰਗੇ ਪੈ ਚੁੱਕੇ ਹਨ ਆਪਣੇ ਸ਼ਬਦ
Sunday, Oct 07, 2018 - 08:42 PM (IST)

ਨਵੀਂ ਦਿੱਲੀ—ਇਲੈਕਟ੍ਰਾਨਿਕ ਵਾਹਨ ਬਣਾਉਣ ਵਾਲੀ ਮਸ਼ਹੂਰ ਕੰਪਨੀ ਟੈਸਲਾ ਦੇ ਸੀ.ਈ.ਓ. ਐਲਨ ਮਸਕ ਦਾ ਇਕ ਟਵੀਟ ਉਨ੍ਹਾਂ ਨੂੰ ਇੰਨਾ ਮਹਿੰਗਾ ਪਿਆ ਕਿ ਉਨ੍ਹਾਂ ਨੂੰ 2 ਕਰੋੜ ਡਾਲਰ ਦਾ ਭਾਰੀ ਜੁਰਮਾਨਾ ਲਗਿਆ। ਇਹ ਸਾਰਾ ਕੁਝ ਉਸ ਵੇਲੇ ਹੋਇਆ ਜਦ ਅਮਰੀਕਾ ਦੇ ਸਕਿਓਰਟੀ ਐਂਡ ਐਕਸਚੇਂਜ ਕਮੀਸ਼ਨ ਨੇ ਮਸਕ ਵਿਰੁੱਧ ਫਰਾਡ ਲਈ ਮੁਕੱਦਮਾ ਚਲਾਉਣ ਦਾ ਫੈਸਲਾ ਕੀਤਾ। ਦਰਅਸਲ ਮਸਕ ਨੇ ਕੰਪਨੀ ਨੂੰ ਪ੍ਰਾਈਵੇਟ ਬਣਾਉਣ ਦੇ ਸਬੰਧ 'ਚ ਟਵੀਟ ਕੀਤਾ ਸੀ ਜਿਸ ਨਾਲ ਉਹ ਮੁਸ਼ਕਲਾਂ 'ਚ ਪੈ ਗਏ। ਮਸਕ ਇਕਲੌਤੇ ਸੀ.ਈ.ਓ. ਨਹੀਂ ਹਨ ਜਿਨ੍ਹਾਂ ਨੂੰ ਆਪਣੇ ਹੀ ਸ਼ਬਦਾਂ ਦੀ ਭਾਰੀ ਕੀਮਤ ਚੁਕਾਣੀ ਪਈ।
ਮਾਰਿਸਾ ਮੇਅਰ
ਯਾਹੂ ਦੀ ਸਾਬਕਾ ਸੀ.ਈ.ਓ. ਮਾਰਿਸਾ ਨੂੰ 2013 'ਚ ਉਸ ਸਮੇਂ ਤਿੱਖੀਆਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਜਦ ਉਨ੍ਹਾਂ ਨੇ ਬਿਆਨ ਦਿੱਤਾ ਕਿ ਉਹ ਖੁਦ ਨੂੰ ਫੈਮੀਨਿਸਟ ਨਹੀਂ ਸਮਝਦੀ।
ਜਾਨ ਸਨੈਟਰ
ਪਿੱਜ਼ਾ ਚੇਨ ਪਾਪਾ ਜਾਨ ਦੇ ਸੰਸਥਾਪਕ ਜਾਨ ਸਨੈਟਰ ਨੂੰ ਇਸ ਸਾਲ ਜਨਵਰੀ 'ਚ ਸੀ.ਈ.ਓ. ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਉਨ੍ਹਾਂ ਨੇ ਕਿਹਾ ਕਿ ਯੂ.ਐੱਸ. ਨੈਸ਼ਨਲ ਫੁੱਟਬਾਲ ਲੀਗ ਦੌਰਾਨ ਖਿਡਾਰੀਆਂ ਦਾ ਨੈਸ਼ਨਲ ਐਨਥਮ ਦਾ ਵਿਰੋਧ ਕਰਨ ਨਾਲ ਉਸ ਦੀ ਕੰਪਨੀ ਦੀ ਵਿਕਰੀ ਵਧੀ ਹੈ। ਜੁਲਾਈ 'ਚ ਉਨ੍ਹਾਂ ਨੂੰ ਚੇਅਰਮੈਨ ਅਹੁਦੇ ਤੋਂ ਵੀ ਉਸ ਵੇਲੇ ਅਸਤੀਫਾ ਦੇਣਾ ਪਿਆ, ਜਦ ਫੋਰਬਸ ਦੀ ਇਕ ਰਿਪੋਰਟ 'ਚ ਦੱਸਿਆ ਗਿਆ ਕਿ ਉਨ੍ਹਾਂ ਨੇ ਕਾਨਫਰੰਸ ਕਾਲ ਦੌਰਾਨ ਐੱਨ ਵਰਡ ਦਾ ਇਸਤੇਮਾਲ ਕੀਤਾ ਸੀ। ਇਸ ਸ਼ਬਦ ਨੂੰ ਰੰਗਭੇਦੀ ਮੰਨਿਆ ਜਾਂਦਾ ਹੈ।
ਏਰਿਕ ਸਮਿਟ
2010 'ਚ ਗੂਗਲ ਦੇ ਤਤਕਾਲੀਨ ਸੀ.ਈ.ਓ. ਏਰਿਕ ਸਮਿਟ ਦੇ ਇਕ ਇੰਟਰਵਿਊ ਨੇ ਗੂਗਲ ਯੂਜ਼ਰਸ ਅਤੇ ਪ੍ਰਿਵੇਸੀ ਐਕਟੀਵਿਸਟਾਂ ਨੂੰ ਨਾਰਾਜ਼ ਕਰ ਦਿੱਤਾ ਸੀ। ਸਮਿਟ ਨੇ ਕਿਹਾ ਸੀ ਕਿ ਗੂਗਲ ਨੂੰ ਯੂਜ਼ਰਸ ਦੇ ਬਾਰੇ 'ਚ ਸਾਰਾ ਕੁਝ ਪਤਾ ਹੈ ਉਹ ਕੌਣ ਹਨ, ਕਿੱਥੋਂ ਦੇ ਹਨ ਅਤੇ ਕੁਝ ਹੱਦ ਤੱਕ ਇਹ ਵੀ ਪਤਾ ਹੈ ਕਿ ਉਹ ਕੀ ਸੋਚ ਰਹੇ ਹਨ।
ਰਾਹੁਲ ਯਾਦਵ
ਹਾਊਜਿੰਗ ਡਾਟ ਕਾਮ ਦੇ ਸਹਿ-ਸੰਸਥਾਪਕ ਅਤੇ ਸਾਬਕਾ ਸੀ.ਈ.ਓ. ਰਾਹੁਲ ਯਾਦਵ ਆਪਣੀਆਂ ਟਿੱਪਣੀਆਂ ਕਾਰਨ ਅਕਸਰ ਵਿਵਾਦਾਂ ਅਤੇ ਚਰਚਾ 'ਚ ਰਹਿੰਦੇ ਹਨ। 2015 'ਚ ਯਾਦਵ ਨੇ ਦੂਜੀਆਂ ਕੰਪਨੀਆਂ ਦੇ ਸੀ.ਈ.ਓਜ਼. ਦੀ ਜਨਤਕ ਤੌਰ 'ਤੇ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਆਪਣੀ ਕੰਪਨੀ ਦੇ ਬੋਰਡ ਨੂੰ ਵੀ ਮੇਲ 'ਚ ਕਾਫੀ ਗਲਤ ਸ਼ਬਦਾਵਲੀ ਵਰਤਦੇ ਹੋਏ ਅਸਤੀਫਾ ਦਿੱਤਾ ਸੀ। ਬਾਅਦ 'ਚ ਯਾਦਵ ਨੇ ਬੋਰਡ ਮੈਂਬਰਸ ਤੋਂ ਮੁਆਫੀ ਮੰਗਦੇ ਹੋਏ ਅਸਤੀਫਾ ਵਾਪਸ ਲੈ ਲਿਆ ਸੀ।
ਮਾਰਕ ਜ਼ੁਕਰਬਰਗ
ਫੇਸਬੁੱਕ ਸੀ.ਈ.ਓ. ਮਾਰਕ ਜ਼ੁਕਰਬਰਗ ਵੀ ਆਪਣੇ ਇਕ ਬਿਆਨ ਕਾਰਨ ਬੁਰੀ ਤਰ੍ਹਾਂ ਘਿਰ ਗਏ ਸਨ। ਜੁਲਾਈ 2018 'ਚ ਉਨ੍ਹਾਂ ਨੇ ਇਕ ਇੰਟਰਵਿਊ 'ਚ ਕੁਝ ਅਜਿਹਾ ਹੀ ਕਿਹਾ ਸੀ ਜਿਸ ਨਾਲ ਇਹ ਲਗ ਰਿਹਾ ਸੀ ਕਿ ਉਹ ਉਨ੍ਹਾਂ ਲੋਕਾਂ ਦਾ ਬਚਾਅ ਕਰ ਰਹੇ ਹਨ ਜੋ ਇਹ ਮੰਨਦੇ ਹਨ ਕਿ ਹੋਲੋਕਾਸਟ ਕਦੇ ਹੋਇਆ ਹੀ ਨਹੀਂ ਸੀ।
ਟ੍ਰੈਵਿਸ ਕੈਲਨਿਕ
ਉਬੇਰ ਦੇ ਸੰਸਥਾਪਕ ਅਤੇ ਸਾਬਕਾ ਸੀ.ਈ.ਓ. ਕੈਲਨਿਕ ਨੇ 2014 'ਚ ਦਿੱਤੇ ਗਏ ਆਪਣੇ ਇਕ ਇੰਟਰਵਿਊ 'ਚ ਔਰਤਾਂ ਦੇ ਬਾਰੇ 'ਚ ਅਪਮਾਨਜਨਕ ਟਿੱਪਣੀ ਕੀਤੀ ਸੀ। 2017 'ਚ ਉਨ੍ਹਾਂ ਦਾ ਇਕ ਵੀਡੀਓ ਵਾਇਰਲ ਹੋਇਆ ਸੀ ਜਿਸ 'ਚ ਕਿਰਾਇਆ ਘਟ ਹੋਣ ਦੀ ਸ਼ਿਕਾਇਤ ਕਰ ਰਹੇ ਡਰਾਈਵਰਾਂ ਨੂੰ ਕਾਫੀ ਗਲਤ ਕਿਹਾ ਸੀ। ਇਸ ਨਾਲ ਉਹ ਵਿਵਾਦਾਂ 'ਚ ਵੀ ਆਏ।