ਸਰਕਾਰ ਜਲਦ ਤੈਅ ਕਰੇਗੀ ਘੱਟੋ-ਘੱਟ ਤਨਖ਼ਾਹ ਤੇ ਮਜ਼ਦੂਰੀ : ਕਿਰਤ ਮੰਤਰਾਲਾ
Saturday, Jun 19, 2021 - 03:07 PM (IST)
ਨਵੀਂ ਦਿੱਲੀ- ਜਲਦ ਹੀ ਘੱਟੋ-ਘੱਟ ਤਨਖ਼ਾਹ ਅਤੇ ਮਜ਼ਦੂਰੀ ਦੀ ਦਰ ਤੈਅ ਹੋ ਜਾਵੇਗੀ। ਕਿਰਤ ਮੰਤਰਾਲਾ ਨੇ ਕਿਹਾ ਹੈ ਕਿ ਸਰਕਾਰ ਦਾ ਘੱਟੋ-ਘੱਟ ਤਨਖ਼ਾਹ ਅਤੇ ਰਾਸ਼ਟਰੀ ਘੱਟੋ-ਘੱਟ ਮਜ਼ਦੂਰੀ ਨਿਰਧਾਰਤ ਕਰਨ ਵਿਚ ਦੇਰੀ ਕਰਨ ਦਾ ਕੋਈ ਇਰਾਦਾ ਨਹੀਂ ਹੈ।
ਪਹਿਲਾਂ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਇਸ ਮੁੱਦੇ 'ਤੇ ਤਿੰਨ ਸਾਲਾਂ ਦੇ ਕਾਰਜਕਾਲ ਵਾਲੇ ਇਕ ਮਾਹਰ ਸਮੂਹ ਦੀ ਸਥਾਪਨਾ ਦਾ ਮਕਸਦ ਘੱਟੋ-ਘੱਟ ਤਨਖ਼ਾਹ ਅਤੇ ਮਜ਼ਦੂਰੀ ਨਿਰਧਾਰਤ ਕਰਨ ਵਿਚ ਦੇਰੀ ਕਰਨਾ ਹੈ।
ਇਨ੍ਹਾਂ ਰਿਪੋਰਟਾਂ ਤੋਂ ਬਾਅਦ ਮੰਤਰਾਲਾ ਨੇ ਸ਼ਨੀਵਾਰ ਨੂੰ ਇਹ ਸਪਸ਼ਟੀਕਰਨ ਦਿੱਤਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਮੰਤਰਾਲਾ ਨੇ ਘੋਸ਼ਣਾ ਕੀਤੀ ਸੀ ਕਿ ਕੇਂਦਰ ਨੇ ਇਸ ਮੁੱਦੇ 'ਤੇ ਉੱਘੇ ਅਰਥਸ਼ਾਸਤਰੀ ਅਜੀਤ ਮਿਸ਼ਰਾ ਦੀ ਅਗਵਾਈ ਵਿਚ ਇਕ ਮਾਹਰ ਸਮੂਹ ਬਣਾਇਆ ਹੈ। ਇਹ ਸਮੂਹ ਤਕਨੀਕੀ ਜਾਣਕਾਰੀ ਅਤੇ ਘੱਟੋ ਘੱਟ ਤਨਖ਼ਾਹ ਅਤੇ ਮਜ਼ਦੂਰੀ ਤੈਅ ਕਰਨ ਲਈ ਸਿਫਾਰਸ਼ਾਂ ਸੌਂਪੇਗਾ। ਮਾਹਰ ਸਮੂਹ ਦਾ ਕਾਰਜਕਾਲ ਤਿੰਨ ਸਾਲ ਦਾ ਹੈ। ਮੰਤਰਾਲਾ ਨੇ ਕਿਹਾ, “ਮੀਡੀਆ ਦੇ ਕੁਝ ਹਿੱਸਿਆਂ ਵਿਚ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਅੰਸ਼ਧਾਰਕਾਂ ਦਾ ਮੰਨਣਾ ਹੈ ਕਿ ਸਰਕਾਰ ਵੱਲੋਂ ਘੱਟੋ-ਘੱਟ ਤਨਖ਼ਾਹ ਅਤੇ ਰਾਸ਼ਟਰੀ ਘੱਟੋ-ਘੱਟ ਮਜ਼ਦੂਰੀ ਨਿਰਧਾਰਤ ਕਰਨ ਵਿਚ ਦੇਰੀ ਕਰਨ ਦੀ ਇਹ ਕੋਸ਼ਿਸ਼ ਹੈ।” ਮੰਤਰਾਲਾ ਨੇ ਕਿਹਾ ਕਿ ਉਹ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਸਰਕਾਰ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ। ਮਾਹਰ ਸਮੂਹ ਜਲਦ ਤੋਂ ਜਲਦ ਸਰਕਾਰ ਨੂੰ ਆਪਣੀਆਂ ਸਿਫਾਰਸ਼ਾਂ ਦੇਵੇਗਾ।