ਨੀਰਵ ਮੋਦੀ 'ਤੇ ਕੱਸੇਗਾ ਸ਼ਿਕੰਜਾ! ਭੈਣ ਨੇ ਭਾਰਤ ਸਰਕਾਰ ਨੂੰ ਭੇਜੇ ਕਰੋੜਾਂ ਰੁਪਏ, ਖੋਲ੍ਹੇਗੀ ਕਈ ਰਾਜ਼

Friday, Jul 02, 2021 - 12:59 PM (IST)

ਨਵੀਂ ਦਿੱਲੀ (ਭਾਸ਼ਾ) : ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੀਰਵਾਰ ਨੂੰ ਕਿਹਾ ਕਿ ਭਗੌੜੇ ਨੀਰਵ ਮੋਦੀ ਦੀ ਭੈਣ ਪੂਰਵੀ ਨੇ ਬ੍ਰਿਟੇਨ ਦੇ ਬੈਂਕ ਖਾਤੇ ’ਚੋਂ 17 ਕਰੋੜ ਤੋਂ ਵੱਧ ਰੁਪਏ ਭਾਰਤ ਸਰਕਾਰ ਨੂੰ ਭੇਜੇ ਹਨ। ਪੰਜਾਬ ਨੈਸ਼ਨਲ ਬੈਂਕ ਨਾਲ ਕਰਜ਼ਾ ਧੋਖਾਦੇਹੀ ਮਾਮਲੇ ਵਿਚ ਮਦਦ ਕਰਨ ਦੇ ਬਦਲੇ ਅਪਰਾਧਕ ਕਾਰਵਾਈ ਤੋਂ ਉਸ ਨੂੰ ਛੋਟ ਦੇਣ ਦੀ ਮਨਜ਼ੂਰੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਅੱਜ ਤੋਂ ਬਦਲ ਜਾਣਗੇ ਆਮ ਆਦਮੀ ਦੀ ਜ਼ਿੰਦਗੀ ਨਾਲ ਜੁੜੇ ਇਹ ਨਿਯਮ, ਘਰੇਲੂ ਬਜਟ 'ਤੇ ਪਵੇਗਾ ਅਸਰ

ਈ. ਡੀ. ਨੇ ਇਕ ਬਿਆਨ ਵਿਚ ਕਿਹਾ ਕਿ 24 ਜੂਨ ਨੂੰ ਪੂਰਵੀ ਮੋਦੀ ਨੇ ਈ. ਡੀ. ਨੂੰ ਸੂਚਿਤ ਕੀਤਾ ਸੀ ਕਿ ਉਸ ਨੂੰ ਲੰਡਨ ਵਿਚ ਉਸ ਦੇ ਨਾਂ ’ਤੇ ਇਕ ਬੈਂਕ ਖਾਤੇ ਦਾ ਪਤਾ ਲੱਗਾ ਹੈ, ਜੋ ਉਸ ਦੇ ਭਰਾ ਨੀਰਵ ਮੋਦੀ ਦੇ ਕਹਿਣ ’ਤੇ ਖੋਲ੍ਹਿਆ ਗਿਆ ਸੀ ਅਤੇ ਇਹ ਪੈਸਾ ਉਸ ਦਾ ਨਹੀਂ ਹੈ। ਪੂਰਵੀ ਮੋਦੀ ਨੂੰ ਪੂਰਾ ਤੇ ਸਹੀ ਖੁਲਾਸਾ ਕਰਨ ਦੀਆਂ ਸ਼ਰਤਾਂ ’ਤੇ ਮੁਆਫੀ ਦੀ ਮਨਜ਼ੂਰੀ ਦਿੱਤੀ ਗਈ ਸੀ, ਇਸ ਲਈ ਉਸ ਨੇ ਬ੍ਰਿਟੇਨ ਦੇ ਬੈਂਕ ਖਾਤੇ ’ਚੋਂ 23,16,889.03 ਅਮਰੀਕੀ ਡਾਲਰ ਦੀ ਰਕਮ ਭਾਰਤ ਸਰਕਾਰ, ਐਨਫੋਰਸਮੈਂਟ ਡਾਇਰੈਕਟੋਰੇਟ ਦੇ ਬੈਂਕ ਖਾਤੇ ਵਿਚ ਭੇਜ ਦਿੱਤੀ ਹੈ।

ਬਿਆਨ ਅਨੁਸਾਰ ਪੂਰਵੀ ਮੋਦੀ ਦੇ ਇਸ ਸਹਿਯੋਗ ਨਾਲ ਈ. ਡੀ. ਲਗਭਗ 17.25 ਕਰੋੜ ਰੁਪਏ (23,16,889.03 ਅਮਰੀਕੀ ਡਾਲਰ) ਵਾਪਸ ਹਾਸਲ ਕਰ ਸਕਿਆ ਹੈ। ਨੀਰਵ ਮੋਦੀ ਇਸ ਵੇਲੇ ਬ੍ਰਿਟੇਨ ਦੀ ਜੇਲ ਵਿਚ ਬੰਦ ਹੈ। ਉਹ ਮੁੰਬਈ ’ਚ ਪੰਜਾਬ ਨੈਸ਼ਨਲ ਬੈਂਕ ਦੀ ਬ੍ਰੈਡੀ ਬ੍ਰਾਂਚ ਨਾਲ 2 ਅਰਬ ਡਾਲਰ ਕਰਜ਼ੇ ਦੀ ਧੋਖਾਦੇਹੀ ਦੇ ਮਾਮਲੇ ਵਿਚ ਲੋੜੀਂਦਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਹੁਣ ਭਾਰਤੀ ਕਰ ਸਕਣਗੇ ਯੂਰਪੀਅਨ ਦੇਸ਼ਾਂ ਦੀ ਯਾਤਰਾ, 'ਕੋਵਿਸ਼ੀਲਡ' ਨੂੰ ਮਿਲੀ ਮਨਜ਼ੂਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News