ਦੇਸ਼ ਭਰ 'ਚ 9 ਲੱਖ ਬੈਂਕ ਮੁਲਾਜ਼ਮ ਅੱਜ ਤੋਂ ਦੋ ਦਿਨਾਂ ਦੀ ਹੜਤਾਲ 'ਤੇ, ਇਨ੍ਹਾਂ ਸੇਵਾਵਾਂ 'ਤੇ ਪਵੇਗਾ ਅਸਰ
Thursday, Dec 16, 2021 - 06:42 PM (IST)
 
            
            ਨਵੀਂ ਦਿੱਲੀ - ਇੱਕ ਪਾਸੇ ਮੋਦੀ ਸਰਕਾਰ ਸਾਰੇ ਸਰਕਾਰੀ ਬੈਂਕਾਂ ਦਾ ਨਿੱਜੀਕਰਨ ਕਰਨ ਦੀ ਯੋਜਨਾ ਬਣਾ ਰਹੀ ਹੈ, ਉਥੇ ਹੀ ਦੂਜੇ ਪਾਸੇ ਸਰਕਾਰੀ ਬੈਂਕਾਂ ਦੇ 9 ਲੱਖ ਮੁਲਾਜ਼ਮ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਡਟ ਗਏ ਹਨ। ਮੁਲਾਜ਼ਮਾਂ ਨੇ ਨਿੱਜੀਕਰਨ ਵਿਰੁੱਧ 16 ਅਤੇ 17 ਦਸੰਬਰ ਨੂੰ ਦੇਸ਼ ਭਰ ਵਿੱਚ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂ.ਐੱਫ.ਬੀ.ਯੂ.) ਦੇ ਸੂਬਾ ਕਨਵੀਨਰ ਮਹੇਸ਼ ਮਿਸ਼ਰਾ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਹੜਤਾਲ ਨਾਲ ਜਨਤਕ ਖੇਤਰ ਦੀਆਂ 4,000 ਤੋਂ ਵੱਧ ਸ਼ਾਖਾਵਾਂ ਸ਼ਾਮਲ ਹੋਈਆਂ ਹਨ।
ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (UFBU) ਨੇ 16 ਅਤੇ 17 ਦਸੰਬਰ ਨੂੰ ਦੋ ਦਿਨਾਂ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ ਜਨਤਕ ਖੇਤਰ ਦੇ ਬੈਂਕਾਂ ਜਿਵੇਂ ਕਿ ਸਟੇਟ ਬੈਂਕ ਆਫ ਇੰਡੀਆ (ਐਸਬੀਆਈ), ਇੰਡੀਅਨ ਬੈਂਕ, ਯੂਕੋ ਬੈਂਕ, ਸੈਂਟਰਲ ਬੈਂਕ ਆਫ ਇੰਡੀਆ, ਬੈਂਕ ਆਫ ਇੰਡੀਆ, ਪੰਜਾਬ ਐਂਡ ਸਿੰਧ ਬੈਂਕ ਅਤੇ ਕੇਨਰਾ ਬੈਂਕ ਨੇ ਆਪਣੇ ਕਰਮਚਾਰੀਆਂ ਦੀ ਦੋ ਦਿਨਾਂ ਹੜਤਾਲ ਸ਼ੁਰੂ ਕਰਨ ਦਾ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਸੀ।
UFBU ਨੌਂ ਯੂਨੀਅਨਾਂ ਦੀ ਇੱਕ ਛਤਰੀ ਸੰਸਥਾ ਹੈ, ਜਿਸ ਵਿੱਚ ਆਲ ਇੰਡੀਆ ਬੈਂਕ ਆਫੀਸਰਜ਼ ਕਨਫੈਡਰੇਸ਼ਨ (AIBOC), ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (AIBEA) ਅਤੇ ਨੈਸ਼ਨਲ ਬੈਂਕ ਕਰਮਚਾਰੀ ਸੰਗਠਨ (NOBW) ਸ਼ਾਮਲ ਹਨ। ਇਸ ਯੂਨੀਅਨ ਅਧੀਨ 9 ਲੱਖ ਮੁਲਾਜ਼ਮ ਹਨ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ 'ਤੇ ਬੈਂਕ ਕਰਮਚਾਰੀ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਦੇ ਵਿਰੋਧ 'ਚ 16 ਅਤੇ 17 ਦਸੰਬਰ ਨੂੰ ਦੇਸ਼ ਵਿਆਪੀ ਹੜਤਾਲ ਕਰ ਰਹੇ ਹਨ।
ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੂਬਾ ਕਨਵੀਨਰ ਮਹੇਸ਼ ਮਿਸ਼ਰਾ ਨੇ ਇਕ ਬਿਆਨ 'ਚ ਕਿਹਾ ਕਿ ਜਨਤਕ ਖੇਤਰ ਦੀਆਂ 4,000 ਤੋਂ ਵੱਧ ਸ਼ਾਖਾਵਾਂ 'ਚ ਕੰਮ ਕਰਨ ਵਾਲੇ 25,000 ਅਧਿਕਾਰੀ ਅਤੇ ਕਰਮਚਾਰੀ ਇਸ ਹੜਤਾਲ 'ਚ ਹਿੱਸਾ ਲੈਣਗੇ। ਮਹੇਸ਼ ਮਿਸ਼ਰਾ ਦਾ ਕਹਿਣਾ ਹੈ ਕਿ ਸਰਕਾਰ ਸੰਸਦ ਦੇ ਇਸ ਸੈਸ਼ਨ 'ਚ ਅਜਿਹਾ ਕਾਨੂੰਨ ਲਿਆ ਰਹੀ ਹੈ, ਜਿਸ ਨਾਲ ਭਵਿੱਖ 'ਚ ਕਿਸੇ ਵੀ ਸਰਕਾਰੀ ਬੈਂਕ ਦੇ ਨਿੱਜੀਕਰਨ ਦਾ ਰਾਹ ਸਾਫ ਹੋ ਜਾਵੇਗਾ। ਨਿੱਜੀਕਰਨ ਕਾਰਨ ਸਭ ਤੋਂ ਵੱਡੀ ਸਮੱਸਿਆ ਮੁਲਾਜ਼ਮਾਂ ਨੂੰ ਹੋਵੇਗੀ। ਅਜਿਹੇ 'ਚ ਬੈਂਕ ਕਰਮਚਾਰੀ ਅਤੇ ਸਾਰੇ ਅਧਿਕਾਰੀ ਸਰਕਾਰ ਖਿਲਾਫ ਲਾਮਬੰਦ ਹੋ ਗਏ ਹਨ ਅਤੇ 16-17 ਦਸੰਬਰ ਨੂੰ ਦੇਸ਼ ਵਿਆਪੀ ਹੜਤਾਲ 'ਤੇ ਹਨ।
ਇਹ ਵੀ ਪੜ੍ਹੋ : ITR ਫਾਈਲ ਤੋਂ ਲੈ ਕੇ PF ਤੱਕ, ਇਸੇ ਮਹੀਨੇ ਪੂਰੇ ਕਰਨੇ ਲਾਜ਼ਮੀ ਹਨ ਇਹ ਕੰਮ
ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਣਗੀਆਂ!
ਜੇਕਰ ਜਨਤਕ ਖੇਤਰ ਦੇ ਬੈਂਕਾਂ ਦੇ ਕਰਮਚਾਰੀ ਹੜਤਾਲ 'ਤੇ ਰਹਿੰਦੇ ਹਨ, ਤਾਂ ਜਨਤਕ ਖੇਤਰ ਦੇ ਬੈਂਕਾਂ ਦੀਆਂ ਸੇਵਾਵਾਂ ਯਕੀਨੀ ਤੌਰ 'ਤੇ ਪ੍ਰਭਾਵਿਤ ਹੋਣਗੀਆਂ। ਇਸ ਹੜਤਾਲ ਕਾਰਨ ਦੇਸ਼ ਭਰ ਦੀਆਂ ਬੈਂਕ ਸ਼ਾਖਾਵਾਂ 'ਚ ਜਮ੍ਹਾ ਅਤੇ ਕਢਵਾਉਣ, ਚੈੱਕ ਕਢਵਾਉਣ ਅਤੇ ਲੋਨ ਮਨਜ਼ੂਰੀ ਵਰਗੀਆਂ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਹਾਲਾਂਕਿ, ਇਸ ਸਮੇਂ ਦੌਰਾਨ ATM ਦੇ ਆਮ ਵਾਂਗ ਕੰਮ ਕਰਨ ਦੀ ਉਮੀਦ ਹੈ। ਸਰਕਾਰੀ ਮਾਲਕੀ ਵਾਲੇ ਸਟੇਟ ਬੈਂਕ ਆਫ ਇੰਡੀਆ ਸਮੇਤ ਸਰਕਾਰੀ ਬੈਂਕਾਂ ਨੇ ਗਾਹਕਾਂ ਨੂੰ ਸੂਚਿਤ ਕੀਤਾ ਸੀ ਕਿ ਹੜਤਾਲ ਕਾਰਨ ਉਨ੍ਹਾਂ ਦੀਆਂ ਸ਼ਾਖਾਵਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਭਾਰਤੀ ਸਟੇਟ ਬੈਂਕ (SBI) ਸਮੇਤ ਜ਼ਿਆਦਾਤਰ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਸੂਚਿਤ ਕੀਤਾ ਹੈ ਕਿ ਹੜਤਾਲ ਕਾਰਨ ਬੈਂਕਿੰਗ ਸੇਵਾਵਾਂ ਜਿਵੇਂ ਚੈੱਕ ਕਲੀਅਰਿੰਗ ਅਤੇ ਫੰਡ ਟ੍ਰਾਂਸਫਰ ਪ੍ਰਭਾਵਿਤ ਹੋ ਸਕਦੀਆਂ ਹਨ। ਨਿੱਜੀ ਖੇਤਰ ਦੇ HDFC ਬੈਂਕ, ICICI ਬੈਂਕ ਅਤੇ ਕੋਟਕ ਮਹਿੰਦਰਾ ਵਰਗੇ ਅਗਲੀ ਪੀੜ੍ਹੀ ਦੇ ਬੈਂਕ ਆਮ ਵਾਂਗ ਕੰਮ ਕਰ ਰਹੇ ਹਨ।
ਆਲ ਇੰਡੀਆ ਬੈਂਕ ਆਫੀਸਰਜ਼ ਕਨਫੈਡਰੇਸ਼ਨ (ਏਆਈਬੀਓਸੀ) ਦੀ ਜਨਰਲ ਸਕੱਤਰ ਸੌਮਿਆ ਦੱਤਾ ਨੇ ਦੱਸਿਆ ਕਿ ਬੁੱਧਵਾਰ ਨੂੰ ਵਧੀਕ ਮੁੱਖ ਕਿਰਤ ਕਮਿਸ਼ਨਰ ਦੇ ਸਾਹਮਣੇ ਮੀਟਿੰਗ ਹੋਈ। ਉਨ੍ਹਾਂ ਦੱਸਿਆ ਕਿ ਮੀਟਿੰਗ ਬੇਸਿੱਟਾ ਰਹੀ ਹੈ ਅਤੇ ਯੂਨੀਅਨਾਂ ਨੇ ਹੜਤਾਲ ’ਤੇ ਜਾਣ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਇਹ ਸਭ ਕੁਝ ਸਰਕਾਰ ਦੇ 2021-22 ਦੇ ਬਜਟ ਵਿੱਚ ਕੀਤੇ ਗਏ ਐਲਾਨ ਕਾਰਨ ਹੋ ਰਿਹਾ ਹੈ ਕਿ ਜਨਤਕ ਖੇਤਰ ਦੇ ਦੋ ਬੈਂਕਾਂ ਦਾ ਨਿੱਜੀਕਰਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਅਗਲੇ ਮਹੀਨੇ ਤੋਂ ਮਹਿੰਗੀਆਂ ਹੋਣ ਜਾ ਰਹੀਆਂ ਹਨ Toyota ਦੀਆਂ ਕਾਰਾਂ, ਜਾਣੋ ਕਾਰਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            