26 ਦਸੰਬਰ ਨੂੰ ਬੈਂਕ ਬੰਦ ਰਹਿਣ ਦਾ ਖਦਸ਼ਾ, ਲੋਕਾਂ ਨੂੰ ਹੋਵੇਗਾ ਨੁਕਸਾਨ!

Sunday, Dec 23, 2018 - 03:52 PM (IST)

26 ਦਸੰਬਰ ਨੂੰ ਬੈਂਕ ਬੰਦ ਰਹਿਣ ਦਾ ਖਦਸ਼ਾ, ਲੋਕਾਂ ਨੂੰ ਹੋਵੇਗਾ ਨੁਕਸਾਨ!

ਮੁੰਬਈ— ਪ੍ਰਾਈਵੇਟ ਸਮੇਤ ਵੱਖ-ਵੱਖ ਬੈਂਕਾਂ ਦੇ ਤਕਰੀਬਨ 10 ਲੱਖ ਕਰਮਚਾਰੀਆਂ ਨੇ 26 ਦਸੰਬਰ ਨੂੰ ਇਕ ਦਿਨਾ ਹੜਤਾਲ ਦੀ ਧਮਕੀ ਦਿੱਤੀ ਹੈ। ਇਸ ਕਾਰਨ ਉਸ ਦਿਨ ਬੈਂਕਾਂ ਬੰਦ ਰਹਿਣ ਦਾ ਖਦਸ਼ਾ ਹੈ, ਜਿਸ ਦਾ ਨੁਕਸਾਨ ਆਮ ਲੋਕਾਂ ਨੂੰ ਹੋ ਸਕਦਾ ਹੈ। ਜਾਣਕਾਰੀ ਮੁਤਾਬਕ, ਸਰਕਾਰ ਵੱਲੋਂ ਦੇਨਾ ਬੈਂਕ ਤੇ ਵਿਜੇ ਬੈਂਕ ਨੂੰ ਬੈਂਕ ਆਫ ਬੜੌਦਾ ਨਾਲ ਮਿਲਾਉਣ ਦੇ ਪ੍ਰਸਤਾਵ ਦੇ ਵਿਰੋਧ 'ਚ ਇਹ ਹੜਤਾਲ ਸੱਦੀ ਗਈ ਹੈ। ਬੀਤੇ ਸ਼ੁੱਕਰਵਾਰ ਵੀ ਸਰਕਾਰੀ ਬੈਂਕਾਂ 'ਚ ਕੰਮਕਾਜ ਬੰਦ ਰਿਹਾ ਸੀ।

ਬੈਂਕ ਸੰਗਠਨਾਂ ਦੀ ਅਗਵਾਈ ਕਰਨ ਵਾਲੇ ਸੰਘ ਯੂ. ਐੱਫ. ਬੀ. ਯੂ. ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਸਾਲ ਸਤੰਬਰ 'ਚ ਵਿਜੇ ਬੈਂਕ ਅਤੇ ਦੇਨਾ ਬੈਂਕ ਨੂੰ ਬੈਂਕ ਆਫ ਬੜੌਦਾ 'ਚ ਸ਼ਾਮਲ ਕੀਤੇ ਜਾਣ ਦਾ ਫੈਸਲਾ ਕੀਤਾ ਸੀ, ਜੋ ਕਿ ਬੈਂਕਾਂ ਅਤੇ ਗਾਹਕਾਂ ਦੇ ਹਿੱਤ 'ਚ ਨਹੀਂ ਹੈ। ਇਹ ਦੋਹਾਂ ਲਈ ਨੁਕਸਾਨਦਾਇਕ ਹੈ। ਸੰਗਠਨ ਦਾ ਕਹਿਣਾ ਹੈ ਕਿ ਵਿਜੇ ਬੈਂਕ ਅਤੇ ਦੇਨਾ ਬੈਂਕ ਭਾਰਤੀ ਰਿਜ਼ਰਵ ਬੈਂਕ ਦੀ ਤੁਰੰਤ ਸੁਧਾਰਤਮਕ ਕਾਰਵਾਈ (ਪੀ. ਸੀ. ਏ.) ਦਾ ਸਾਹਮਣਾ ਕਰ ਰਹੇ ਹਨ। ਦੱਸ ਦੇਈਏ ਕਿ ਯੂ. ਐੱਫ. ਬੀ. ਯੂ. 9 ਬੈਂਕ ਸੰਗਠਨਾਂ ਦੀ ਅਗਵਾਈ ਕਰਦਾ ਹੈ। ਸੰਗਠਨ ਦਾ ਦਾਅਵਾ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਬੈਂਕਾਂ ਦਾ ਰਲੇਵਾਂ ਕਰਕੇ ਇਸ ਦਾ ਸਾਈਜ਼ ਵੱਡਾ ਕੀਤਾ ਜਾਵੇ ਪਰ ਜੇਕਰ ਸਾਰੇ ਸਰਕਾਰੀ ਬੈਂਕਾਂ ਨੂੰ ਵੀ ਮਿਲਾ ਕੇ ਇਕ ਕਰ ਦਿੱਤਾ ਜਾਵੇ ਤਾਂ ਵੀ ਵਿਸ਼ਵ ਦੇ ਚੋਟੀ ਦੇ 10 ਬੈਂਕਾਂ 'ਚ ਜਗ੍ਹਾ ਨਹੀਂ ਮਿਲਣੀ।
ਸੰਗਠਨਾਂ ਦਾ ਇਹ ਵੀ ਕਹਿਣਾ ਹੈ ਕਿ ਰਲੇਵੇਂ ਤੋਂ ਬਾਅਦ ਵੱਡੀ ਗਿਣਤੀ 'ਚ ਬਰਾਂਚਾਂ ਬੰਦ ਹੋ ਜਾਣਗੀਆਂ ਅਤੇ ਗਾਹਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਸਰਕਾਰੀ ਸਕੀਮਾਂ ਜਿਵੇਂ ਕਿ ਜਨ ਧਨ ਯੋਜਨਾ, ਮੁਦਰਾ, ਸੋਸ਼ਲ ਸਕਿਓਰਿਟੀ ਇੰਸ਼ੋਰੈਂਸ ਅਤੇ ਪ੍ਰਧਾਨ ਮੰਤਰੀ ਹਾਊਸਿੰਗ ਸਕੀਮ ਕਾਰਨ ਬੈਂਕਾਂ 'ਤੇ ਪਹਿਲਾਂ ਹੀ ਕੰਮ ਦਾ ਵੱਡਾ ਬੋਝ ਹੈ। ਜ਼ਿਕਰਯੋਗ ਹੈ ਕਿ 21 ਦਸੰਬਰ ਨੂੰ ਵੀ ਬੈਂਕਾਂ 'ਚ ਹੜਤਾਲ ਦਾ ਅਸਰ ਦੇਖਣ ਨੂੰ ਮਿਲਿਆ ਸੀ। ਹਾਲਾਂਕਿ ਹੁਣ ਤਕ ਇਹ ਕਨਫਰਮ ਨਹੀਂ ਹੈ ਕਿ ਸੰਗਠਨਾਂ ਦੀ ਹੜਤਾਲ ਦਾ ਅਸਰ ਪੰਜਾਬ 'ਚ ਦਿਸੇਗਾ ਜਾਂ ਨਹੀਂ।


Related News