ਕੋਰੋਨਾ ਕਾਰਨ ਦੇਸ਼ 'ਚ ਨਹੀਂ ਸ਼ੁਰੂ ਹੋ ਸਕੇ ਵੱਡੀ ਗਿਣਤੀ 'ਚ ਨਵੇਂ ਸ਼ਾਪਿੰਗ ਮਾਲ
Monday, Nov 16, 2020 - 05:01 PM (IST)
ਕੋਲਕਾਤਾ— ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਨਵੇਂ ਸ਼ਾਪਿੰਗ ਮਾਲ ਦੀ ਸ਼ੁਰੂਆਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਸਾਲ ਦੌਰਾਨ ਹੁਣ ਤੱਕ ਸਿਰਫ ਪੰਜ ਨਵੇਂ ਮਾਲ ਖੁੱਲ੍ਹੇ ਹਨ, ਜਦੋਂ ਕਿ ਕੋਰੋਨਾ ਤੋਂ ਪਹਿਲਾਂ ਅਨੁਮਾਨ ਦੇ ਹਿਸਾਬ ਨਾਲ ਇਸ ਸਾਲ 54 ਮਾਲ ਖੁੱਲ੍ਹਣ ਵਾਲੇ ਸਨ।
ਇਕ ਕੌਮਾਂਤਰੀ ਜਾਇਦਾਦ ਸਲਾਹਕਾਰ ਫਰਮ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਐਨਰੌਕ ਰਿਟੇਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਤੇ ਪ੍ਰਬੰਧਕ ਨਿਰਦੇਸ਼ਕ (ਐੱਮ. ਡੀ.) ਅਨੁਜ ਕੇਜਰੀਵਾਲ ਨੇ ਕਿਹਾ, ''ਮਾਰਚ 'ਚ ਕੋਰੋਨਾ ਦੇ ਮੱਦੇਨਜ਼ਰ ਲਾਈ ਗਈ ਤਾਲਾਬੰਦੀ ਤੋਂ ਪਹਿਲਾਂ ਸਾਡੀ ਰਿਸਰਚ ਦੱਸਦੀ ਹੈ ਕਿ ਭਾਰਤੀ ਸ਼ਹਿਰਾਂ 'ਚ ਤਕਰੀਬਨ 54 ਨਵੇਂ ਮਾਲ ਸ਼ੁਰੂ ਹੋਣ ਵਾਲੇ ਸਨ। ਇਹ ਤਕਰੀਬਨ 222 ਲੱਖ ਵਰਗ ਫੁੱਟ ਖੇਤਰ 'ਚ ਪ੍ਰਸਤਾਵਿਤ ਸਨ।''
ਉਨ੍ਹਾਂ ਕਿਹਾ, ''ਇਸ 'ਚੋਂ ਲਗਭਗ 140 ਵਰਗ ਫੁੱਟ 'ਚ ਤਕਰੀਬਨ 35 ਨਵੇਂ ਮਾਲ ਸੱਤ ਵੱਡੇ ਸ਼ਹਿਰਾਂ 'ਚ ਤਿਆਰ ਹੋਣ ਵਾਲੇ ਸਨ, ਜਦੋਂ ਕਿ ਟੀਅਰ-2 ਅਤੇ ਟੀਅਰ-3 ਸ਼ਹਿਰਾਂ 'ਚ 76 ਲੱਖ ਵਰਗ ਫੁੱਟ 'ਚ 19 ਨਵੇਂ ਮਾਲ ਖੁੱਲ੍ਹਣ ਵਾਲੇ ਸਨ।'' ਅਨੁਜ ਕੇਜਰੀਵਾਲ ਨੇ ਕਿਹਾ ਕਿ ਪੰਜ ਨਵੇਂ ਸ਼ਾਪਿੰਗ ਮਾਲ ਗੁੜਗਾਓਂ, ਦਿੱਲੀ, ਲਖਨਾਊ ਅਤੇ ਬੇਂਗਲੁਰੂ ਵਰਗੇ ਸ਼ਹਿਰਾਂ 'ਚ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ 2021 'ਚ ਘੱਟੋ-ਘੱਟ 6 ਮਾਲ ਮੁੰਬਈ 'ਚ ਪੂਰੇ ਹੋਣ ਦੀ ਸੰਭਾਵਨਾ ਹੈ।