8 ਜਨਵਰੀ ਨੂੰ ਰਾਸ਼ਟਰ ਪੱਧਰੀ ਹੜਤਾਲ, ਬੈਂਕ ਅਤੇ ਬੀਮਾ ਕਰਮਚਾਰੀ ਰੱਖਣਗੇ ਕੰਮ ਬੰਦ

12/21/2019 2:33:15 PM

ਨਵੀਂ ਦਿੱਲੀ — ਨਵੇਂ ਸਾਲ 'ਚ ਬੈਂਕਿੰਗ ਖੇਤਰ ਦੀਆਂ ਪ੍ਰਮੁੱਖ ਯੂਨੀਅਨ ਹੜਤਾਲ ਕਰਨ ਦੀ ਤਿਆਰੀ ਕਰ ਰਹੀਆਂ ਹਨ। ਬੈਂਕਿੰਗ ਖੇਤਰ ਦੀਆਂ ਪ੍ਰਮੁੱਖ ਯੂਨੀਅਨ ਨੇ 8 ਜਨਵਰੀ 2020 ਨੂੰ ਕੇਂਦਰੀ ਟ੍ਰੇਡ ਯੂਨੀਅਨਾਂ ਵਲੋਂ ਆਯੋਜਿਤ ਆਮ ਹੜਤਾਲ ਵਿਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ। 

ਸਮਾਚਾਰ ਏਜੰਸੀ ਆਈਏਐਨਐਸ ਦੀ ਖਬਰ ਅਨੁਸਾਰ ਯੂਨੀਅਨਾਂ ਨੇ ਕੇਂਦਰ ਸਰਕਾਰ ਦੀਆਂ ਕਿਰਤ ਨੀਤੀਆਂ ਅਤੇ ਬੈਂਕਿੰਗ ਸੁਧਾਰ ਦੇ ਮੁੱਦੇ ਖਿਲਾਫ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਕਈ ਸੁਤੰਤਰ ਫੈਡਰੇਸ਼ਨਾਂ ਅਤੇ ਯੂਨੀਅਨਾਂ ਜਿਨ੍ਹਾਂ 'ਚ ਇੰਟਕ, ਏਆਈਟੀਯੂਸੀ, ਐਚਐਮਐਸ, ਸੀਟੂ, ਏਆਈਯੂਟੀਯੂਸੀ, ਟੀਯੂਸੀਸੀ, ਸੇਵਾ, ਏਆਈਸੀਸੀਟੀਯੂ, ਐਲਪੀਐਫ ਅਤੇ ਯੂਟੀਯੂਸੀ ਨੇ 8 ਜਨਵਰੀ ਨੂੰ ਕੇਂਦਰ ਸਰਕਾਰ ਦੀਆਂ ਮਜ਼ਦੂਰ ਨੀਤੀਆਂ ਖਿਲਾਫ ਹੜਤਾਲ ਦੀ ਮੰਗ ਕੀਤੀ ਸੀ। 

ਇਸ ਤੋਂ ਇਲਾਵਾ ਇਹ ਜਾਣਕਾਰੀ ਆਲ ਇੰਡੀਆ ਬੈਂਕ ਇੰਪਲਾਈ ਫੈਡਰੇਸ਼ਨ(AIBEA) ਦੇ ਇਕ ਸਿਖਰ ਨੇਤਾ ਨੇ ਦਿੱਤੀ ਹੈ। ਬੈਂਕ ਦੇ ਕਰਮਚਾਰੀਆਂ ਦੀ ਇਸ ਹੜਤਾਲ ਕਾਰਨ ਗਾਹਕਾਂ ਦਾ ਕੰਮ-ਕਾਜ ਪ੍ਰਭਾਵਿਤ ਹੋ ਸਕਦਾ ਹੈ।

AIBEA ਦੇ ਜਨਰਲ ਸਕੱਤਰ ਸੀ.ਐਚ. ਵੇਂਕਟਚਲਮ ਨੇ ਦੱਸਿਆ ਕਿ 10 ਕੇਂਦਰੀ ਟ੍ਰੇਡ ਯੂਨੀਅਨ, ਰਾਸ਼ਟਰ ਪੱਧਰੀ ਆਮ ਹੜਤਾਲ ਦਾ ਸਮਰਥਨ ਕਰ ਰਹੇ ਹਨ। ਵੇਂਕਟਚਲਮ ਮੁਤਾਬਕ ਇਹ ਹੜਤਾਲ ਕੇਂਦਰ ਸਰਕਾਰ ਦੀਆਂ ਮਜ਼ਦੂਰ ਨੀਤੀਆਂ ਖਿਲਾਫ ਕੀਤੀ ਜਾਵੇਗੀ, ਜਿਸ ਵਿਚ ਨੌਕਰੀਆਂ ਦੀ ਸੁਰੱਖਿਆ, ਰੋਜ਼ਗਾਰ ਦੇ ਮੌਕੇ ਅਤੇ ਕੀਰਤ ਕਾਨੂੰਨ 'ਚ ਸੋਧ ਬੰਦ ਕਰਨ ਨਾਲ ਸੰਬੰਧਿਤ ਮੰਗਾਂ ਰੱਖੀਆਂ ਜਾਣਗੀਆਂ।

ਵੇਂਕਟਚਲਮ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੇ ਕਰਮਚਾਰੀ ਵੀ ਇਸ ਹੜਤਾਲ ਵਿਚ ਸ਼ਾਮਲ ਹੋਣਗੇ। ਇਨ੍ਹਾਂ ਤੋਂ ਇਲਾਵਾ ਸਹਿਕਾਰੀ ਬੈਂਕ, ਖੇਤਰੀ ਪੇਂਡੂ ਬੈਂਕ, ਭਾਰਤੀ ਜੀਵਨ ਬੀਮਾ ਨਿਗਮ ਅਤੇ ਆਮ ਬੀਮਾ ਖੇਤਰ ਦੇ ਕਰਮਚਾਰੀਆਂ ਨੇ ਵੀ ਇਸ ਹੜਤਾਲ ਦਾ ਸਮਰਥਨ ਕੀਤਾ ਹੈ। 

ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਬੈਂਕਾਂ ਦੇ ਰਲੇਵੇਂ ਦੇ ਫੈਸਲੇ ਦਾ ਵੀ ਵੱਖ-ਵੱਖ ਕਰਮਚਾਰੀ ਸੰਗਠਨ ਵਿਰੋਧ ਕਰ ਰਹੇ ਹਨ। ਦਰਅਸਲ ਕਰੀਬ ਤਿੰਨ ਮਹੀਨੇ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 10 ਬੈਂਕਾਂ ਦੇ ਰਲੇਵੇਂ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ 4 ਨਵੇਂ ਵੱਡੇ ਬੈਂਕ ਸਿਸਟਮ 'ਚ ਆ ਜਾਣਗੇ। ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼, ਇਲਾਹਾਬਾਦ ਬੈਂਕ , ਸਿੰਡੀਕੇਟ ਬੈਂਕ, ਕਾਰਪੋਰੇਸ਼ਨ ਬੈਂਕ, ਯੂਨਾਈਟਿਡ ਬੈਂਕ ਆਫ ਇੰਡੀਆ ਅਤੇ ਓਰੀਐਂਟਲ ਬੈਂਕ ਆਫ ਕਾਮਰਸ ਦਾ ਵਜੂਦ ਨਹੀਂ ਰਹੇਗਾ। ਬੈਂਕ ਯੂਨੀਅਨ ਦਾ ਕਹਿਣਾ ਹੈ ਕਿ ਇਸ ਰਲੇਵੇਂ ਦੇ ਕਾਰਨ ਬੈਂਕਿੰਗ ਸਿਸਟਮ ਦੇ ਕਈ ਕਰਮਚਾਰੀਆਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ।


Related News