NABFID ਦੇ ਪ੍ਰਬੰਧ ਨਿਰਦੇਸ਼ਕ, ਉਪ-ਪ੍ਰਬੰਧ ਨਿਰਦੇਸ਼ਕਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰੇਗਾ ਵਿੱਤ ਮੰਤਰਾਲਾ
Monday, Nov 08, 2021 - 11:28 AM (IST)
ਨਵੀਂ ਦਿੱਲੀ (ਭਾਸ਼ਾ) - ਵਿੱਤ ਮੰਤਰਾਲਾ ਜਲਦ ਨਵਗਠਿਤ ਵਿਕਾਸ ਵਿੱਤ ਸੰਸਥਾਨ ਨੈਸ਼ਨਲ ਬੈਂਕ ਫਾਰ ਇਨਫਰਾਸਟਰੱਕਚਰ ਫਾਈਨਾਂਸਿੰਗ ਐਂਡ ਡਿਵੈੱਲਪਮੈਂਟ (ਐੱਨ. ਏ. ਬੀ. ਐੱਫ. ਆਈ. ਡੀ.) ਦੇ ਪ੍ਰਬੰਧ ਨਿਰਦੇਸ਼ਕ ਅਤੇ ਉਪ-ਪ੍ਰਬੰਧ ਨਿਰਦੇਸ਼ਕਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਪਿਛਲੇ ਮਹੀਨੇ ਸਰਕਾਰ ਨੇ ਦਿੱਗਜ ਬੈਂਕ ਰ ਕੇ. ਵੀ. ਕਾਮਤ ਨੂੰ ਇਸ 20,000 ਕਰੋਡ਼ ਰੁਪਏ ਦੇ ਵਿਕਾਸ ਵਿੱਤ ਸੰਸਥਾਨ ਦਾ ਚੇਅਰਪਰਸਨ ਨਿਯੁਕਤ ਕੀਤਾ ਹੈ। ਇਹ ਸੰਸਥਾਨ ਫੰਡ ਦੀ ਕਮੀ ਨਾਲ ਜੂਝ ਰਹੇ ਬੁਨਿਆਦੀ ਢਾਂਚਾ ਖੇਤਰ ਵਿਚ ਨਿਵੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਮਦਦ ਕਰੇਗਾ।
ਸੂਤਰਾਂ ਨੇ ਦੱਸਿਆ ਕਿ ਵਿੱਤ ਮੰਤਰਾਲਾ ਜਲਦ ਬੈਂਕ ਬੋਰਡ ਬਿਊਰੋ (ਬੀ. ਬੀ. ਬੀ.) ਨੂੰ ਐੱਨ. ਏ. ਬੀ. ਐੱਫ. ਆਈ. ਡੀ. ਦੇ ਪ੍ਰਬੰਧ ਨਿਰਦੇਸ਼ਕ ਅਤੇ ਉਪ-ਪ੍ਰਬੰਧ ਨਿਰਦੇਸ਼ਕਾਂ ਦੀ ਨਿਯੁਕਤੀ ਕਰਨ ਦੇ ਬਾਰੇ ਸੂਚਿਤ ਕਰੇਗਾ। ਬਿਊਰੋ ਇਸ ਲਈ ਇਸ਼ਤਿਹਾਰ ਕੱਢੇਗਾ ਅਤੇ ਚੋਣ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਬੀ. ਬੀ. ਬੀ. ਜਨਤਕ ਖੇਤਰ ਦੇ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਲਈ ਟਾਪ ਅਧਿਕਾਰੀਆਂ ਦੀ ਖੋਜ ਕਰਦਾ ਹੈ। ਬੈਂਕ ਦੇ ਪ੍ਰਬੰਧ ਨਿਰਦੇਸ਼ਕ ਜ਼ਿਆਦਾਤਰ 65 ਸਾਲ ਦੀ ਉਮਰ ਅਤੇ ਉਪ-ਪ੍ਰਬੰਧ ਨਿਰਦੇਸ਼ਕ 62 ਸਾਲ ਦੀ ਉਮਰ ਤੱਕ ਲਈ ਨਿਯੁਕਤ ਕੀਤੇ ਜਾਣਗੇ। ਐੱਨ. ਏ. ਬੀ. ਐੱਫ. ਆਈ. ਡੀ. ਕਾਨੂੰਨ, 2021 ਤਹਿਤ ਸੰਸਥਾਨ ਵਿਚ ਇਕ ਪ੍ਰਬੰਧ ਨਿਰਦੇਸ਼ਕ ਅਤੇ ਤਿੰਨ ਉਪ-ਪ੍ਰਬੰਧ ਨਿਰਦੇਸ਼ਕ ਹੋ ਸਕਦੇ ਹਨ। ਸਰਕਾਰ ਨੇ ਇਸ ਵਿਚ 20,000 ਕਰੋਡ਼ ਰੁਪਏ ਦੀ ਇਕਵਿਟੀ ਪੂੰਜੀ ਦੇ ਉੱਪਰ 5,000 ਕਰੋਡ਼ ਰੁਪਏ ਦੀ ਗ੍ਰਾਂਟ ਦੇਣ ਦੀ ਵਚਨਬਧਤਾ ਜਤਾਈ ਹੈ। ਸਰਕਾਰ ਪਹਿਲੇ ਵਿੱਤੀ ਸਾਲ ਦੇ ਅੰਤ ਤੱਕ ਗ੍ਰਾਂਟ ਦੇਵੇਗੀ।