ਮਸਕ ਦੀ ਉੱਚੀ ਉਡਾਣ! ਸਪੇਸਐਕਸ ਦੇ $75B ਦੇ ਰਿਕਾਰਡ IPO ਨਾਲ ਬਣਨਗੇ ਦੁਨੀਆ ਦੇ ਪਹਿਲੇ ‘ਟ੍ਰਿਲੀਅਨੇਅਰ’
Friday, Jun 05, 2026 - 03:15 AM (IST)
ਬਿਜ਼ਨੈੱਸ ਡੈਸਕ : ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਇੱਕ ਹੋਰ ਇਤਿਹਾਸਕ ਰਿਕਾਰਡ ਬਣਾਉਣ ਦੀ ਤਿਆਰੀ ਵਿੱਚ ਹਨ। ਮਸਕ ਦੀ ਪੁਲਾੜ ਕੰਪਨੀ ਸਪੇਸਐਕਸ (SpaceX) ਕਰੀਬ 75 ਅਰਬ ਡਾਲਰ ($75B) ਦਾ ਰਿਕਾਰਡ ਆਈਪੀਓ (IPO) ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਜੇਕਰ ਇਹ ਯੋਜਨਾ ਸਫਲ ਹੁੰਦੀ ਹੈ, ਤਾਂ ਇਹ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਵੱਡਾ ਆਈਪੀਓ ਹੋਵੇਗਾ, ਜਿਸ ਨਾਲ ਕੰਪਨੀ ਦੀ ਕੁੱਲ ਕੀਮਤ 1.8 ਟ੍ਰਿਲੀਅਨ ਡਾਲਰ ਤੱਕ ਪਹੁੰਚ ਸਕਦੀ ਹੈ। ਇਸ ਵੱਡੀ ਛਾਲ ਨਾਲ ਐਲਨ ਮਸਕ ਦੁਨੀਆ ਦੇ ਪਹਿਲੇ 'ਟ੍ਰਿਲੀਅਨੇਅਰ' (ਖਰਬਪਤੀ) ਬਣਨ ਦੇ ਬਹੁਤ ਨੇੜੇ ਪਹੁੰਚ ਜਾਣਗੇ।
135 ਡਾਲਰ ਪ੍ਰਤੀ ਸ਼ੇਅਰ ਦੀ ਕੀਮਤ ਤੈਅ
ਅਮਰੀਕੀ ਸਕਿਊਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (SEC) ਨੂੰ ਦਿੱਤੇ ਦਸਤਾਵੇਜ਼ਾਂ ਅਨੁਸਾਰ, ਕੰਪਨੀ ਆਪਣੇ ਕਰੀਬ 55.56 ਕਰੋੜ ਸ਼ੇਅਰ 135 ਡਾਲਰ ਪ੍ਰਤੀ ਸ਼ੇਅਰ ਦੇ ਭਾਅ 'ਤੇ ਵੇਚਣ ਦੀ ਯੋਜਨਾ ਬਣਾ ਰਹੀ ਹੈ। ਇਸ ਕੀਮਤ ਦੇ ਹਿਸਾਬ ਨਾਲ ਸਪੇਸਐਕਸ ਦੀ ਮਾਰਕੀਟ ਵੈਲਿਊ 1.77 ਟ੍ਰਿਲੀਅਨ ਡਾਲਰ ਬਣਦੀ ਹੈ, ਪਰ ਕਰਮਚਾਰੀਆਂ ਦੇ ਸਟਾਕ ਆਪਸ਼ਨ ਨੂੰ ਜੋੜ ਕੇ ਇਹ 1.8 ਟ੍ਰਿਲੀਅਨ ਡਾਲਰ ਤੋਂ ਵੀ ਪਾਰ ਜਾ ਸਕਦੀ ਹੈ।
ਇਹ ਵੀ ਪੜ੍ਹੋ : ਨੀਲਕੰਠ ਮਿਸ਼ਰਾ ਬਣੇ ਵਿਸ਼ਵ ਬੈਂਕ ਦੇ ਨਵੇਂ ਕਾਰਜਕਾਰੀ ਨਿਰਦੇਸ਼ਕ, ਕੈਬਨਿਟ ਕਮੇਟੀ ਨੇ ਦਿੱਤੀ ਮਨਜ਼ੂਰੀ
ਸਾਊਦੀ ਅਰਾਮਕੋ ਦਾ ਰਿਕਾਰਡ ਟੁੱਟੇਗਾ
ਟੈਕਸਾਸ ਦੇ ਸਟਾਰਬੇਸ ਤੋਂ ਚੱਲਣ ਵਾਲੀ ਇਹ ਕੰਪਨੀ ਨਿਵੇਸ਼ਕਾਂ ਲਈ ਵੱਡੀ ਖ਼ਬਰ ਲੈ ਕੇ ਆਈ ਹੈ। ਖ਼ਾਸ ਗੱਲ ਇਹ ਹੈ ਕਿ ਕੰਪਨੀ ਨੇ ਨਿਵੇਸ਼ਕਾਂ ਤੋਂ ਆਰਡਰ ਲੈਣ ਤੋਂ ਪਹਿਲਾਂ ਹੀ ਸ਼ੇਅਰਾਂ ਦੀ ਕੀਮਤ ਤੈਅ ਕਰ ਦਿੱਤੀ ਹੈ, ਜੋ ਕਿ ਅਮਰੀਕਾ ਵਿੱਚ ਇੱਕ ਦੁਰਲੱਭ ਕਦਮ ਮੰਨਿਆ ਜਾਂਦਾ ਹੈ। ਇਹ ਆਈਪੀਓ 2019 ਵਿੱਚ ਸਾਊਦੀ ਅਰਾਮਕੋ (Saudi Aramco) ਵੱਲੋਂ ਜੁਟਾਏ ਗਏ 29.4 ਅਰਬ ਡਾਲਰ ਦੇ ਰਿਕਾਰਡ ਨੂੰ ਵੀ ਮਾਤ ਦੇ ਦੇਵੇਗਾ। ਇਸ ਸਫਲਤਾ ਨਾਲ ਓਪਨ-ਏਆਈ (OpenAI) ਵਰਗੀਆਂ ਹੋਰ ਵੱਡੀਆਂ ਏਆਈ ਕੰਪਨੀਆਂ ਲਈ ਵੀ ਬਾਜ਼ਾਰ ਦੇ ਰਾਹ ਖੁੱਲ੍ਹ ਸਕਦੇ ਹਨ।
ਟੈਸਲਾ ਤੋਂ ਵੀ ਵੱਡੀ ਬਣ ਸਕਦੀ ਹੈ ਕੰਪਨੀ
ਸਪੇਸਐਕਸ ਨੇ ਪਿਛਲੇ ਕੁਝ ਸਾਲਾਂ ਵਿੱਚ ਰਾਕੇਟ ਲਾਂਚਿੰਗ, ਸਟਾਰਲਿੰਕ (Starlink) ਸੈਟੇਲਾਈਟ ਇੰਟਰਨੈਟ ਅਤੇ ਰੱਖਿਆ ਪ੍ਰੋਜੈਕਟਾਂ ਰਾਹੀਂ ਬਹੁਤ ਤੇਜ਼ੀ ਨਾਲ ਤਰੱਕੀ ਕੀਤੀ ਹੈ। ਫਰਵਰੀ ਵਿੱਚ ਮਸਕ ਦੀ ਏਆਈ ਕੰਪਨੀ xAI ਦੇ ਸਪੇਸਐਕਸ ਨਾਲ ਜੁੜਨ ਤੋਂ ਬਾਅਦ ਇਸਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ 1.8 ਟ੍ਰਿਲੀਅਨ ਡਾਲਰ ਦੀ ਕੀਮਤ ਨਾਲ ਸਪੇਸਐਕਸ ਦੁਨੀਆ ਦੀਆਂ ਸਭ ਤੋਂ ਕੀਮਤੀ ਕੰਪਨੀਆਂ ਵਿੱਚ ਸ਼ਾਮਲ ਹੋ ਜਾਵੇਗੀ ਅਤੇ ਇਹ ਮਸਕ ਦੀ ਆਪਣੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ (Tesla) ਨੂੰ ਵੀ ਪਿੱਛੇ ਛੱਡ ਸਕਦੀ ਹੈ।
ਇਹ ਵੀ ਪੜ੍ਹੋ : ਪਹਿਲੀ ਵਾਰ ਨਵੀਂ ਮੁੰਬਈ ਏਅਰਪੋਰਟ ’ਤੇ ਉਤਰਿਆ ‘ਸੁਖੋਈ SU-30 MKI’ ਲੜਾਕੂ ਜਹਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
