ਰਿਲਾਇੰਸ ਨੇ ਮਾਰੀ ਵੱਡੀ ਛਾਲ, 100 ਚੋਟੀ ਦੀਆਂ ਕੰਪਨੀਆਂ ''ਚ ਹੋਈ ਸ਼ਾਮਿਲ

8/11/2020 5:05:05 PM

ਨਵੀਂ ਦਿੱਲੀ (ਭਾਸ਼ਾ) : ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ 10 ਸਥਾਨਾਂ ਦੀ ਛਾਲ ਮਾਰ ਕੇ 'ਫਾਰਚਿਊਨ ਗਲੋਬਲ 500' ਸੂਚੀ ਦੀ ਸਿਖ਼ਰ 100 ਕੰਪਨੀਆਂ ਵਿਚ ਸ਼ਾਮਲ ਹੋ ਗਈ ਹੈ। ਫਾਰਚਿਊਨ ਪਤ੍ਰਿਕਾ ਨੇ ਮੰਗਲਵਾਰ ਨੂੰ ਇਹ ਸੂਚੀ ਜਾਰੀ ਕੀਤੀ।

ਤੇਲ, ਪੈਟਰੋਰਸਾਇਣ, ਪ੍ਰਚੂਨ ਅਤੇ ਦੂਰਸੰਚਾਰ ਵਰਗੇ ਖੇਤਰ ਵਿਚ ਕੰਮ ਕਰਣ ਵਾਲੀ ਰਿਲਾਇੰਸ ਨੂੰ ਫਾਰਚਿਊਨ ਦੀ 2020 ਦੀ ਇਸ ਗਲੋਬਲ ਕੰਪਨੀਆਂ ਦੀ ਸੂਚੀ ਵਿਚ 96ਵਾਂ ਸਥਾਨ ਮਿਲਿਆ ਹੈ। ਫਾਰਚਿਊਨ ਦੀ ਸਿਖ਼ਰ 100 ਦੀ ਸੂਚੀ ਵਿਚ ਸ਼ਾਮਿਲ ਹੋਣ ਵਾਲੀ ਰਿਲਾਇੰਸ ਇਕਲੌਤੀ ਭਾਰਤੀ ਕੰਪਨੀ ਹੈ। ਇਸ ਤੋਂ ਪਹਿਲਾਂ ਰਿਲਾਇੰਸ ਇਸ ਸੂਚੀ ਵਿਚ 2012 ਵਿਚ 99ਵੇਂ ਸਥਾਨ 'ਤੇ ਰਹੀ ਸੀ ਪਰ ਬਾਅਦ ਦੇ ਸਾਲਾਂ ਵਿਚ ਫਿਸਲਦੇ ਹੋਏ 2016 ਵਿਚ 215ਵੇਂ ਸਥਾਨ 'ਤੇ ਪਹੁੰਚ ਗਈ ਸੀ। ਹਾਲਾਂਕਿ ਉਸ ਦੇ ਬਾਅਦ ਤੋਂ ਲਗਾਤਾਰ ਰਿਲਾਇੰਸ ਦੀ ਰੈਂਕਿੰਗ ਵਿਚ ਸੁਧਾਰ ਹੋਇਆ ਹੈ। 'ਫਾਰਚਿਊਨ ਗਲੋਬਲ 500' ਵਿਚ 34 ਅੰਕ ਫਿਸਲ ਕੇ ਜਨਤਕ ਖ਼ੇਤਰ ਦੀ ਇੰਡੀਅਨ ਆਇਲ ਕਾਰਪੋਰੇਸ਼ਨ 151ਵੇਂ ਸਥਾਨ 'ਤੇ ਰਹੀ। ਉਥੇ ਹੀ ਤੇਲ ਅਤੇ ਕੁਦਰਤੀ ਗੈਰ ਨਿਗਮ (ਓ.ਐਨ.ਜੀ.ਸੀ.) ਦੀ ਰੈਂਕਿੰਗ ਪਿਛਲੇ ਸਾਲ ਦੇ ਮੁਕਾਬਲੇ 30 ਸਥਾਨ ਖਿਸਕ ਕੇ 190ਵੇਂ 'ਤੇ ਰਹੀ। ਦੇਸ਼ ਦੇ ਸਭ ਤੋਂ ਵੱਡੇ ਬੈਂਕ, ਭਾਰਤੀ ਸਟੇਟ ਬੈਂਕ ਦੀ ਰੈਕਿੰਗ ਵਿਚ 15 ਦਾ ਸੁਧਾਰ ਹੋਇਆ ਅਤੇ ਇਹ 221ਵੇਂ ਸਥਾਨ 'ਤੇ ਰਿਹਾ। ਇਸ ਸੂਚੀ ਵਿਚ ਸ਼ਾਮਿਲ ਹੋਣ ਵਾਲੀਆਂ ਹੋਰ ਭਾਰਤੀ ਕੰਪਨੀਆਂ ਵਿਚ ਭਾਰਤ ਪੈਟਰੋਲੀਅਮ 309ਵੇਂ, ਟਾਟਾ ਮੋਟਰਸ 337ਵੇਂ ਅਤੇ ਰਾਜੇਸ਼ ਐਕਪੋਰਟਸ 462ਵੇਂ ਰੈਂਕ 'ਤੇ ਰਹੇ।

'ਫਾਰਚਿਊਨ ਗਲੋਬਲ 500' ਵਿਚ ਕੰਪਨੀਆਂ ਨੂੰ ਉਨ੍ਹਾਂ ਦੇ ਪਿਛਲੇ ਵਿੱਤੀ ਸਾਲ ਦੀ ਕੁੱਲ ਕਮਾਈ ਦੇ ਆਧਾਰ 'ਤੇ ਸ਼ਾਮਲ ਕੀਤਾ ਜਾਂਦਾ ਹੈ। ਭਾਰਤ ਦੀ ਸਥਿਤੀ ਵਿਚ ਕੰਪਨੀਆਂ ਨੂੰ 31 ਮਾਰਚ 2020 ਨੂੰ ਖ਼ਤਮ ਵਿੱਤੀ ਸਾਲ ਦੇ ਨਤੀਜਿਆਂ ਦੇ ਆਧਾਰ 'ਤੇ ਇਸ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ। 'ਫਾਰਚਿਊਨ ਗਲੋਬਲ 500' ਵਿਚ ਇਸ ਸਾਲ ਸਿਖ਼ਰ 'ਤੇ ਵਾਲਮਾਰਟ ਰਹੀ। ਇਸ ਦੇ ਬਾਅਦ 3 ਚੀਨੀ ਕੰਪਨੀਆਂ ਸਾਇਨੋਪੇਕ ਸਮੂਹ, ਸਟੇਟ ਗਰਿਡ ਅਤੇ ਚਾਈਨਾ ਨੈਸ਼ਨਲ ਪੈਟਰੋਲੀਅਮ ਦਾ ਸਥਾਨ ਰਿਹਾ। ਸੂਚੀ ਵਿਚ ਪੰਜਵੇਂ ਸਥਾਨ 'ਤੇ ਰਾਇਲ ਡਚ ਸ਼ੇਲ ਅਤੇ 6ਵੇਂ 'ਤੇ ਸਊਦੀ ਅਰਬ ਦੀ ਪ੍ਰਮੁੱਖ ਤੇਲ ਕੰਪਨੀ ਅਰਾਮਕੋ ਰਹੀ। ਸੂਚੀ ਵਿਚ ਵਾਲਮਾਰਟ, ਸਾਇਨੋਪੇਕ ਅਤੇ ਚਾਈਨਾ ਨੈਸ਼ਨਲ ਪੈਟਰੋਲੀਅਮ ਦੇ ਸਥਾਨ ਵਿਚ ਕੋਈ ਬਦਲਾਅ ਨਹੀਂ ਹੋਇਆ। ਜਦੋਂ ਕਿ ਸਟੇਟ ਗਰਿੱਡ ਨੇ 2 ਸਥਾਨ ਦਾ ਵਾਧਾ ਹਾਸਲ ਕੀਤਾ ਅਤੇ ਸ਼ੇਲ 2 ਸਥਾਨ ਹੇਠਾਂ ਖਿਸਕ ਗਈ।


cherry

Content Editor cherry