ਮੁਹੂਰਤ ਟਰੇਡਿੰਗ ਦੌਰਾਨ ਹੋ ਗਿਆ ਵੱਡਾ ਉਲਟਫੇਰ ! ਟੁੱਟ ਗਿਆ 9 ਸਾਲਾਂ ਦਾ ਰਿਕਾਰਡ
Sunday, Nov 08, 2026 - 04:25 PM (IST)
ਬਿਜ਼ਨੈੱਸ ਡੈਸਕ- ਦੀਵਾਲੀ ਦੇ ਤਿਉਹਾਰ ਅਤੇ ਨਵੇਂ ਹਿੰਦੂ ਵਿੱਤੀ ਸਾਲ ਸੰਵਤ 2083 ਦੀ ਸ਼ੁਰੂਆਤ ਮੌਕੇ ਐਤਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਖ਼ਾਸ 70 ਮਿੰਟ ਦੇ 'ਮੁਹੂਰਤ ਟਰੇਡਿੰਗ' ਸੈਸ਼ਨ 'ਚ ਇੱਕ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਸ਼ੁਰੂਆਤੀ ਕਾਰੋਬਾਰ 'ਚ ਜ਼ਬਰਦਸਤ ਤੇਜ਼ੀ ਦਰਜ ਕਰਨ ਤੋਂ ਬਾਅਦ, ਆਖ਼ਰੀ ਸਮੇਂ ਹੋਈ ਪ੍ਰੋਫਿਟ ਬੁਕਿੰਗ ਕਾਰਨ ਬਾਜ਼ਾਰ ਲਾਲ ਨਿਸ਼ਾਨ 'ਚ ਬੰਦ ਹੋਇਆ। ਇਸ ਨਾਲ 'ਮਹੂਰਤ ਟਰੇਡਿੰਗ' ਦਾ ਸਾਲ 2018 ਤੋਂ ਚੱਲਿਆ ਆ ਰਿਹਾ ਲਗਾਤਾਰ 9 ਸਾਲਾਂ ਦੀ ਤੇਜ਼ੀ ਦਾ ਰਿਕਾਰਡ ਟੁੱਟ ਗਿਆ ਹੈ।
ਸ਼ੁਰੂਆਤੀ ਕਾਰੋਬਾਰ 'ਚ ਨਿਵੇਸ਼ਕਾਂ 'ਚ ਉਤਸ਼ਾਹ ਨਾਲ ਸੈਂਸੈਕਸ 250 ਪੁਆਇੰਟ ਦੇ ਉਛਾਲ ਨਾਲ ਖੁੱਲ੍ਹਿਆ, ਜਦਕਿ ਨਿਫ਼ਟੀ 'ਚ ਵੀ 40 ਪੁਆਇੰਟ ਦਾ ਵਾਧਾ ਦਰਜ ਕੀਤਾ ਗਿਆ, ਪਰ ਇਹ ਤੇਜ਼ੀ ਜ਼ਿਆਦਾ ਦੇਰ ਨਹੀਂ ਟਿਕ ਸਕੀ ਤੇ ਸੈਸ਼ਨ ਦੇ ਅੰਤ ਤੱਕ ਮੁਨਾਫ਼ਾ ਵਸੂਲੀ ਕਾਰਨ ਦੋਵੇਂ ਸੂਚਕਾਂਕ ਹੇਠਾਂ ਆ ਗਏ। ਸੈਂਸੈਕਸ 28 ਅੰਕਾਂ ਦੀ ਗਿਰਾਵਟ ਨਾਲ 80,999, ਜਦਕਿ ਨਿਫ਼ਟੀ 43 ਅੰਕਾਂ ਦੀ ਗਿਰਾਵਟ ਨਾਲ 24,986 'ਤੇ ਬੰਦ ਹੋਇਆ।
ਜ਼ਿਕਰਯੋਗ ਹੈ ਕਿ ਸਾਲ 2018 ਤੋਂ 2025 ਤੱਕ ਹਰ ਸਾਲ ਦੀਵਾਲੀ ਵਾਲੇ ਦਿਨ ਮੁਹੂਰਤ ਟਰੇਡਿੰਗ ਸੈਸ਼ਨ ਹਰੇ ਨਿਸ਼ਾਨ ਨਾਲ ਬੰਦ ਹੁੰਦਾ ਆ ਰਿਹਾ ਸੀ, ਪਰ ਸੰਵਤ 2083 ਦੇ ਪਹਿਲੇ ਹੀ ਸੈਸ਼ਨ ਵਿੱਚ ਇਹ ਸਿਲਸਿਲਾ ਰੁਕ ਗਿਆ ਤੇ ਸ਼ਾਨਦਾਰ ਓਪਨਿੰਗ ਤੋਂ ਬਾਅਦ ਬਾਜ਼ਾਰ ਲਾਲ ਨਿਸ਼ਾਨ 'ਚ ਬੰਦ ਹੋਇਆ। ਸ਼ੇਅਰ ਬਾਜ਼ਾਰ 'ਚ ਮੁਹੂਰਤ ਟਰੇਡਿੰਗ ਦੀ ਇਹ ਰਵਾਇਤ ਦਹਾਕਿਆਂ ਤੋਂ ਚੱਲੀ ਆ ਰਹੀ ਹੈ। ਮੰਨਿਆ ਜਾਂਦਾ ਹੈ ਕਿ ਨਵੇਂ ਸੰਵਤ ਸਾਲ ਦੀ ਸ਼ੁਰੂਆਤ ਵਿੱਚ ਸ਼ੇਅਰ ਖਰੀਦਣਾ ਸ਼ੁਭ ਹੁੰਦਾ ਹੈ ਅਤੇ ਇਹ ਪੂਰੇ ਸਾਲ ਨਿਵੇਸ਼ਕਾਂ ਲਈ ਖੁਸ਼ਹਾਲੀ ਅਤੇ ਸਕਾਰਾਤਮਕਤਾ ਲਿਆਉਂਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
