MPCB ਨੇ ਮਰਸਿਡੀਜ਼-ਬੈਂਜ਼ ਇੰਡੀਆ ’ਤੇ ਵਾਤਾਵਰਣ ਮਾਪਦੰਡਾਂ ਦੀ ਪਾਲਣਾ ਨਾ ਕਰਨ ਦਾ ਦੋਸ਼ ਲਾਇਆ

Sunday, Aug 25, 2024 - 11:23 AM (IST)

ਮੁੰਬਈ (ਭਾਸ਼ਾ) - ਮਹਾਰਾਸ਼ਟਰ ਪ੍ਰਦੂਸ਼ਣ ਕੰਟਰੋਲ ਬੋਰਡ (ਐੱਮ. ਪੀ. ਸੀ. ਬੀ.) ਨੇ ਸ਼ਨੀਵਾਰ ਨੂੰ ਲਗਜ਼ਰੀ ਕਾਰ ਵਿਨਿਰਮਾਤਾ ਮਰਸਿਡੀਜ਼-ਬੈਂਜ਼ ਇੰਡੀਆ ’ਤੇ ਪੁਣੇ ਵਿਨਿਰਮਾਣ ਪਲਾਂਟ ’ਚ ਵਾਤਾਵਰਣ ਮਾਪਦੰਡਾਂ ਦੀ ਪਾਲਣਾ ਨਾ ਕਰਨ ਦਾ ਦੋਸ਼ ਲਾਇਆ ਹੈ। ਐੱਮ. ਪੀ. ਸੀ. ਬੀ. ਨੇ ਨਾਲ ਹੀ ਪਲਾਂਟ ਦੇ ਸੰਚਾਲਨ ਦੀ ਵਿਆਪਕ ਸਮੀਖਿਆ ਦੀ ਮੰਗ ਕੀਤੀ ਹੈ।

ਮਰਸਿਡੀਜ਼-ਬੈਂਜ਼ ਇੰਡੀਆ ਨੇ ਕਿਹਾ ਕਿ ਉਸ ਨੂੰ ਐੱਮ. ਪੀ. ਸੀ. ਬੀ. ਵੱਲੋਂ ਕਥਿਤ ਉਲੰਘਣਾ ਬਾਰੇ ਕੋਈ ਲਿਖਤੀ ਨੋਟਿਸ ਜਾਂ ਰਸਮੀ ਅਪੀਲ ਨਹੀਂ ਮਿਲੀ ਹੈ ਅਤੇ ਜੇ ਜ਼ਰੂਰੀ ਹੋਇਆ ਤਾਂ ਉਹ ਕੋਈ ਵੀ ਸੁਧਾਰਾਤਮਕ ਕਾਰਵਾਈ ਕਰਨ ਲਈ ਤਿਆਰ ਹੈ।

ਐੱਮ. ਪੀ. ਸੀ. ਬੀ. ਨੇ ਇਕ ਬਿਆਨ ’ਚ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਪਲਾਂਟ ਦੀ ਜਾਂਚ ਦੌਰਾਨ ਉਸ ਨੂੰ ਦਿਸ਼ਾ-ਨਿਰਦੇਸ਼ਾਂ ਦੀ ਕਥਿਤ ਉਲੰਘਣਾ ਦਾ ਪਤਾ ਲੱਗਾ। ਬੋਰਡ ਨੇ ਬਿਆਨ ’ਚ ਕਿਹਾ ਕਿ 23 ਅਗਸਤ, 2024 ਨੂੰ ਕੀਤੀ ਗਈ ਨਿਯਮਿਤ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਪੁਣੇ ਦੇ ਚਾਕਨ ’ਚ ਮਰਸਿਡੀਜ਼ ਬੈਂਜ਼ ਵਿਨਿਰਮਾਣ ਪਲਾਂਟ ’ਚ ਮਹਾਰਾਸ਼ਟਰ ਪ੍ਰਦੂਸ਼ਣ ਕੰਟਰੋਲ ਬੋਰਡ (ਐੱਮ. ਪੀ. ਸੀ. ਬੀ.) ਦੇ ਪ੍ਰਦੂਸ਼ਣ ਕੰਟਰੋਲ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ।

ਬੋਰਡ ਨੇ ਆਪਣੇ ਖੇਤਰੀ ਅਧਿਕਾਰੀ ਨੂੰ ਇਹ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕਰਨ ਲਈ ਕਿਹਾ ਕਿ ਮਰਸਿਡੀਜ਼ ਬੈਂਜ਼ ਵਿਨਿਰਮਾਣ ਪਲਾਂਟ ਐੱਮ. ਪੀ. ਸੀ. ਬੀ. ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੇ।

ਐੱਮ. ਪੀ. ਸੀ. ਬੀ. ਨੇ ਕਿਹਾ ਕਿ ਇਸ ’ਚ ਪਲਾਂਟ ਦੇ ਸੰਚਾਲਨ ਦੀ ਵਿਆਪਕ ਸਮੀਖਿਆ ਅਤੇ ਜ਼ਰੂਰੀ ਸੁਧਾਰਾਤਮਕ ਉਪਰਾਲਿਆਂ ਨੂੰ ਲਾਗੂ ਕਰਨਾ ਸ਼ਾਮਲ ਹੋਵੇਗਾ। ਤੁਰੰਤ ਕਾਰਵਾਈ ਦੇ ਤੌਰ ’ਤੇ ਐੱਮ. ਪੀ. ਸੀ. ਬੀ. ਨੇ ਮਰਸਿਡੀਜ਼ ਬੈਂਜ਼ ਦੀ 25 ਲੱਖ ਰੁਪਏ ਦੀ ਬੈਂਕ ਗਾਰੰਟੀ ਜਬਤ ਕਰ ਼ਲਈ ਹੈ।

ਮਰਸਿਡੀਜ਼ ਬੈਂਜ਼ ਇੰਡੀਆ ਨੇ ਕਿਹਾ ਕਿ ਕੰਪਨੀ ਉੱਚ ਵਾਤਾਵਰਣ ਅਤੇ ਸਥਿਰਤਾ ਪ੍ਰਥਾਵਾਂ ਨੂੰ ਬਣਾਈ ਰੱਖਣ ਅਤੇ ਉਤਪਾਦਨ ਗੁਣਵੱਤਾ ’ਚ ਸਭ ਤੋਂ ਸਖਤ ਗਲੋਬਲ ਮਾਪਦੰਡਾਂ ਦੀ ਪਾਲਣਾ ਕਰਨ ਨੂੰ ਉੱਚ ਤਰਜੀਹ ਦਿੰਦੀ ਹੈ। ਬਿਆਨ ’ਚ ਐੱਮ. ਪੀ. ਸੀ. ਬੀ. ਦੇ ਚੇਅਰਮੈਨ ਸਿੱਧੇਸ਼ ਕਦਮ ਦੇ ਹਵਾਲੇ ਨਾਲ ਕਿਹਾ ਗਿਆ ਕਿ ਬੋਰਡ ਨੂੰ ਇਨ੍ਹਾਂ ਮੁੱਦਿਆਂ ਨੂੰ ਤੁਰੰਤ ਹੱਲ ਕਰਨ ’ਚ ਮਰਸਿਡੀਜ਼ ਬੈਂਜ਼ (ਇੰਡੀਆ) ਵੱਲੋਂ ਪੂਰੇ ਸਹਿਯੋਗ ਦੀ ਉਮੀਦ ਹੈ।


Harinder Kaur

Content Editor

Related News