ਮਾਰਗਨ ਸਟੇਨਲੀ ਨੇ ਭਾਰਤ ਦੀ ਵਾਧਾ ਦਰ ਦੇ ਅਨੁਮਾਨ ਨੂੰ ਘਟਾਇਆ

Thursday, May 12, 2022 - 02:23 PM (IST)

ਮਾਰਗਨ ਸਟੇਨਲੀ ਨੇ ਭਾਰਤ ਦੀ ਵਾਧਾ ਦਰ ਦੇ ਅਨੁਮਾਨ ਨੂੰ ਘਟਾਇਆ

ਨਵੀਂ ਦਿੱਲੀ (ਯੂ. ਐੱਨ. ਆਈ.) – ਕੌਮਾਂਤਰੀ ਵਾਧੇ ’ਤੇ ਈਂਧਨ ਦੀਆਂ ਉੱਚੀਆਂ ਕੀਮਤਾਂ ਅਤੇ ਭੂ-ਸਿਆਸੀ ਤਨਾਅ ਦੇ ਅਸਰ ਦਰਮਿਆਨ ਮਾਰਗਨ ਸਟੇਨਲੀ ਨੇ ਵਿੱਤੀ ਸਾਲ 2022-23 ਲਈ ਭਾਰਤ ਦੇ ਕੁੱਲ ਘਰੇਲੂ ਉਤਪਾਦ ਜੀ. ਡੀ. ਪੀ. ਦੇ ਵਾਧੇ ਦੇ ਅਨੁਮਾਨ ਨੂੰ 7.9 ਫੀਸਦੀ ਤੋਂ ਘਟਾ ਕੇ 7.6 ਫੀਸਦੀ ਕਰ ਦਿੱਤਾ ਹੈ। ਕੌਮਾਂਤਰੀ ਵਿੱਤੀ ਸੇਵਾ ਫਰਮ ਮਾਰਗਨ ਸਟੇਨਲੀ ਨੇ ਵਿੱਤੀ ਸਾਲ 2023-24 ਲਈ ਵੀ ਵਾਧਾ ਦਰ ਅਨੁਮਾਨ ਨੂੰ ਵੀ ਘਟਾ ਕੇ 6.7 ਫੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਉਸ ਨੇ ਅਗਲੇ ਵਿੱਤੀ ਸਾਲ ’ਚ ਭਾਰਤ ਦੀ ਵਾਧਾ ਦਰ 0.7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ।

ਮਾਰਗਨ ਸਟੇਨਲੀ ਨੇ ਭਾਰਤ ਦੀ ਦਰਮਿਆਨੀ ਮਿਆਦ ਲਈ ਆਪਣੀ ਇੰਡੀਆ ਇਕਨੌਮਿਕਸ ਮਿਡ-ਯੀਅਰ ਆਊਟਲੁਕ ਰਿਪੋਰਟ ’ਚ ਲਿਖਿਆ,‘‘ਹਾਲਾਂਕਿ ਸਾਨੂੰ ਭਾਰਤੀ ਅਰਥਵਿਵਸਥਾ ਦੀ ਵਾਧਾ ਦਰ ’ਚ ਚੱਕਰੀ ਸੁਧਾਰ ਦੇ ਜਾਰੀ ਰਹਿਣ ਦੀ ਉਮੀਦ ਹੈ ਪਰ ਪਿਛਲੇ ਅਨੁਮਾਨ ਦੇ ਮੁਕਾਬਲੇ ਇਸ ਦੀ ਦਰ ਥੋੜੀ ਹਲਕੀ ਰਹੇਗੀ। ਮਾਰਗਨ ਸਟੇਨਲੀ ਨੂੰ ਉਮੀਦ ਹੈ ਕਿ ਸਰਕਾਰ ਵਾਧਾ ਦਰ ਨੂੰ ਪ੍ਰਭਾਵਿਤ ਕਰਨ ਵਾਲੇ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਕਰਨ ਲਈ ਆਪਣੇ ਵਲੋਂ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕੇਗੀ ਅਤੇ ਕੋਵਿਡ ਮਹਾਮਾਰੀ ਦੇ ਬਾਜ਼ਾਰਾਂ ਦੇ ਖੁੱਲ੍ਹਣ ਨਾਲ ਵੀ ਆਰਥਿਕ ਸਰਗਰਮੀਆਂ ’ਚ ਤੇਜ਼ੀ ਨੂੰ ਸਹਾਰਾ ਮਿਲੇਗਾ।

ਰਿਪੋਰਟ ’ਚ ਅਨੁਮਾਨ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਜੂਨ ਅਤੇ ਅਗਸਤ ਦੀਆਂ ਬੈਠਕਾਂ ’ਚ ਰੇਪ ਦਰ 0.5 ਫੀਸਦੀ ਉੱਚੀ ਕਰ ਸਕਦੀ ਹੈ ਅਤੇ ਦਸੰਬਰ 2022 ਤੱਕ ਰੇਪੋ ਦਰ ਦੇ 06 ਫੀਸਦੀ ਤੱਕ ਲਿਜਾਣ ਦੇ ਆਸਾਰ ਹਨ।


author

Harinder Kaur

Content Editor

Related News