ਮੁਲਾਜ਼ਮਾਂ ਦੀ ਛਾਂਟੀ ਦੇ ਅੰਕੜੇ ਕਰਨਗੇ ਹੈਰਾਨ, ਜਾਣੋ ਸਾਲ 2023 ਦੇ 42 ਦਿਨਾਂ 'ਚ ਕਿੰਨੇ ਲੋਕ ਹੋਏ ਬੇਰੁਜ਼ਗਾਰ
Monday, Feb 13, 2023 - 12:18 PM (IST)

ਨਵੀਂ ਦਿੱਲੀ (ਅਨਸ) – ਟੈੱਕ ਉਦਯੋਗ ’ਚ 17,400 ਤੋਂ ਵਧ ਕਰਮਚਾਰੀਆਂ ਨੇ ਕੌਮਾਂਤਰੀ ਪੱਧਰ ’ਤੇ ਫਰਵਰੀ ਮਹੀਨੇ ’ਚ ਨੌਕਰੀ ਗਵਾ ਦਿੱਤੀ ਹੈ। ਭਾਰਤ ’ਚ ਵੀ ਕਈ ਵਰਕਰਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ। 2023 ’ਚ ਹੁਣ ਤਕ ਦੁਨੀਆ ਭਰ ’ਚ ਲਗਭਗ 340 ਕੰਪਨੀਆਂ ਨੇ 1.10 ਲੱਖ ਤੋਂ ਵਧ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਇਸ ਮਹੀਨੇ ਛਾਂਟੀ ਸ਼ੁਰੂ ਕਰਨ ਵਾਲੀਆਂ ਪ੍ਰਮੁੱਖ ਕੰਪਨੀਆਂ ’ਚ ਯਾਹੂ, ਬਾਇਜੂ, ਗੋ ਡੈਡੀ, ਗਿਟਹਬ, ਈਬੇ, ਆਟੋ ਡੈਸਕ, ਓ. ਐੱਲ. ਐੱਕਸ ਗਰੁੱਪ ਅਤੇ ਹੋਰ ਸ਼ਾਮਲ ਹਨ। ਲੇਆਫ ਡਾਟ ਐੱਫ. ਵਾਈ. ਆਈ. ਦੀ ਵੈੱਬਸਾਈਟ ਅਨੁਸਾਰ ਜਨਵਰੀ ’ਚ 1 ਲੱਖ ਦੇ ਕਰੀਬ ਲੋਕਾਂ ਨੇ ਕੌਮਾਂਤਰੀ ਪੱਧਰ ’ਤੇ ਜਨਵਰੀ ਦੇ ਮਹੀਨੇ ’ਚ ਨੌਕਰੀ ਗਵਾ ਦਿੱਤੀ।
ਇਹ ਵੀ ਪੜ੍ਹੋ : Zomato ਦਾ ਘਾਟਾ ਵਧਿਆ, ਕੰਪਨੀ ਨੇ 225 ਸ਼ਹਿਰਾਂ ਵਿਚ ਬੰਦ ਕੀਤਾ ਆਪਣਾ ਕਾਰੋਬਾਰ
ਇਕੱਲੇ ਜਨਵਰੀ ’ਚ ਦੁਨੀਆ ਭਰ ’ਚ 288 ਤੋਂ ਵਧ ਕੰਪਨੀਆਂ ਵੱਲੋਂ ਔਸਤਨ ਰੋਜ਼ਾਨਾ 3,300 ਤੋਂ ਵਧ ਤਕਨੀਕੀ ਕਰਮਚਾਰੀਆਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ। ਮੰਦੀ ਦੇ ਡਰ ਦਰਮਿਆਨ ਆਉਣ ਵਾਲੇ ਦਿਨਾਂ ’ਚ ਨੌਕਰੀਆਂ ’ਚ ਹੋਰ ਕਟੌਤੀ ਦੀਆਂ ਸੰਭਾਵਨਾਵਾਂ ਹਨ। ਪਿਛਲੇ ਸਾਲ ਨਵੰਬਰ ’ਚ 11,000 ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ, ਮੇਟਾ (ਪਿਛਲੇ ਸਮੇਂ ’ਚ ਫੇਸਬੁਕ) ਕਥਿਤ ਤੌਰ ’ਤੇ ਆਪਣੇ ਕਰਮਚਾਰੀਆਂ ਦੀ ਗਿਣਤੀ ਨੂੰ ਹੋਰ ਘੱਟ ਕਰਨ ਦੀ ਯੋਜਨਾ ਬਣਾ ਰਹੀ ਹੈ। ਐਵੀਏਸ਼ਨ ਕੰਪਨੀ ਬੋਇੰਗ ਇਸ ਸਾਲ ਫਾਈਨਾਂਸ ਅਤੇ ਐੱਚ. ਆਰ. ਵਰਟੀਕਲ ’ਚ 2000 ਨੌਕਰੀਆਂ ਦੀ ਕਮੀ ਕਰ ਰਹੀ ਹੈ ਅਤੇ ਕੰਪਨੀ ਇਨ੍ਹਾਂ ’ਚੋਂ ਇਕ ਤਿਹਾਈ ਜਾਬ ਟਾਟਾ ਕੰਸਲਟਿੰਗ ਸਰਵਿਸਿਜ਼ (ਟੀ. ਸੀ. ਐੱਸ.) ਨੂੰ ਬੈਂਗਲੁਰੂ ’ਚ ਆਊਟਸੋਰਸ ਕਰਦੀ ਹੈ। 2022 ’ਚ 1000 ਤੋਂ ਵਧ ਕੰਪਨੀਅਾਂ ਨੇ 1,54,336 ਕਰਮਚਾਰੀਆਂ ਦੀ ਛਾਂਟੀ ਕੀਤੀ ਸੀ। ਹੁਣ ਤੱਕ ਢਾਈ ਲੱਖ ਤੋਂ ਵਧ ਟੈੱਕ ਕਰਮਚਾਰੀਆਂ ਦੀ ਨੌਕਰੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਮਹਿਲਾਵਾਂ ਨੂੰ MSSC ਸਕੀਮ ਤਹਿਤ ਮਿਲੇਗੀ 7.5 ਫ਼ੀਸਦੀ ਦਰ ਦੀ ਰਿਟਰਨ, ਜਾਣੋ ਖ਼ਾਸ ਫ਼ਾਇਦੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।