ਵਾਲਮਾਰਟ ਇੰਡੀਆ 100 ਤੋਂ ਜ਼ਿਆਦਾ ਸੀਨੀਅਰ ਐਗਜ਼ੀਕਿਊਟਿਵ ਨੂੰ ਕੱਢਿਆ ਨੌਕਰੀਓਂ

01/13/2020 6:52:17 PM

ਨਵੀਂ ਦਿੱਲੀ — ਅਮਰੀਕੀ ਕੰਪਨੀ ਵਾਲਮਾਰਟ ਦੀ ਭਾਰਤੀ ਇਕਾਈ ਵਾਲਮਾਰਟ ਇੰਡੀਆ ਨੇ ਲਗਾਤਾਰ ਘਾਟੇ ਕਾਰਨ ਆਪਣੇ ਕੈਸ਼ ਐਂਡ ਕੈਰੀ ਕਾਰੋਬਾਰ ਨੂੰ ਸਮੇਟਨਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਕੰਪਨੀ ਨੇ ਗੁਰੂਗ੍ਰਾਮ ਹੈਂਡ ਕੁਆਟਰ 'ਚ ਕੰਮ ਕਰ ਰਹੇ 100 ਤੋਂ ਜ਼ਿਆਦਾ ਸੀਨੀਅਰ ਐਗਜ਼ੀਕਿਊਟਿਵ ਨੂੰ ਨੌਕਰੀ 'ਚੋਂ ਕੱਢਣ ਦਾ ਫੈਸਲਾ ਕੀਤਾ ਹੈ। ਇਸ ਵਿਚ ਕਈ ਡਿਵੀਜ਼ਨ ਵਾਇਸ ਪ੍ਰੈਜ਼ੀਡੈਂਟ ਵਰਗੇ ਸੀਨੀਅਰ ਐਗਜ਼ੀਕਿਊਟਿਵ ਸ਼ਾਮਲ ਹਨ।

ਕਾਰੋਬਾਰ ਸਮੇਟਨ 'ਤੇ ਵਿਚਾਰ

ਇਕ ਰਿਪੋਰਟ ਮੁਤਾਬਕ ਵਾਲਮਾਰਟ ਇੰਡੀਆ ਨੂੰ ਕੈਸ਼ ਐਂਡ ਕੈਰੀ ਕਾਰੋਬਾਰ 'ਚ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ। ਕੰਪਨੀ ਇਸ ਕਾਰੋਬਾਰ ਦੀ ਵਿਕਰੀ ਜਾਂ ਫਿਰ ਇਸ ਦਾ ਫਲਿੱਪਕਾਰਟ ਵਿਚ ਰਲੇਵਾਂ ਕਰ ਸਕਦੀ ਹੈ। ਰਿਪੋਰਟ ਅਨੁਸਾਰ ਵਾਲਮਾਰਟ ਨੇ ਬੀਤੇ ਸ਼ੁੱਕਰਵਾਰ ਨੂੰ ਇਕ ਟਾਊਨਹਾਲ 'ਚ ਸੋਰਸਿੰਗ, ਐਗਰੀ ਕਾਰੋਬਾਰ ਅਤੇ ਐਫ.ਐਮ.ਸੀ.ਜੀ. ਡਿਵੀਜ਼ਨ ਵਿਚੋਂ 100 ਤੋਂ ਜ਼ਿਆਦਾ ਸੀਨੀਅਰ ਐਗਜ਼ੀਕਿਊਟਿਵ ਨੂੰ ਨੌਕਰੀ ਵਿਚੋਂ ਕੱਢਣ ਦੀ ਜਾਣਕਾਰੀ ਦਿੱਤੀ ਹੈ।

ਬੰਦ ਕੀਤਾ ਜਾ ਸਕਦਾ ਹੈ ਮੁੰਬਈ ਦਾ ਫੁੱਲਫਿਲਮੈਂਟ ਸੈਂਟਰ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੰਪਨੀ ਮੁੰਬਈ ਸਥਿਤ ਫੁੱਲਫਿਲਮੈਂਟ ਸੈਂਟਰ ਨੂੰ ਬੰਦ ਕਰਨ 'ਤੇ ਵਿਚਾਰ ਕਰ ਰਹੀ ਹੈ। ਇਹ ਵਾਲਮਾਰਟ ਇੰਡੀਆ ਦੁਆਰਾ ਦੇਸ਼ ਦਾ ਸਭ ਤੋਂ ਵੱਡਾ ਗੋਦਾਮ ਹੈ। ਇਸ ਤੋਂ ਇਲਾਵਾ ਕੰਪਨੀ ਨੇ ਹੁਣ ਭਾਰਤ ਵਿਚ ਕੋਈ ਨਵਾਂ ਸਟੋਰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਵਾਲਮਾਰਟ ਇੰਡੀਆ ਲਗਭਗ ਇਕ ਦਹਾਕੇ ਤੋਂ ਭਾਰਤ 'ਚ ਕਾਰੋਬਾਰ ਕਰ ਰਿਹਾ ਹੈ।

ਅਪ੍ਰੈਲ 'ਚ ਫਿਰ ਹੋ ਸਕਦੀ ਹੈ ਛਾਂਟੀ

ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਵਾਲਮਾਰਟ ਇੰਡੀਆ ਵਿਚ ਛਾਂਟੀ ਦਾ ਇਹ ਪਹਿਲਾ ਪੜਾਅ ਹੈ ਅਤੇ ਅਪ੍ਰੈਲ ਵਿਚ ਦੁਬਾਰਾ ਛਾਂਟੀ ਹੋਣ ਦੀ ਸੰਭਾਵਨਾ ਹੈ। ਵਾਲਮਾਰਟ ਇੰਡੀਆ ਬੈਸਟ ਪ੍ਰਾਈਸ ਸਟੋਰਜ਼ ਦੇ ਨਾਮ ਨਾਲ ਵਪਾਰ ਕਰਦੀ ਹੈ ਅਤੇ ਮਾਰਚ 2019 ਤੱਕ ਇਸਦਾ ਘਾਟਾ ਵਧ ਕੇ 2180 ਕਰੋੜ ਰੁਪਏ ਹੋ ਗਿਆ ਸੀ। ਵਾਲਮਾਰਟ ਇੰਡੀਆ ਦੀ ਪਿਛਲੇ ਵਿੱਤੀ ਸਾਲ ਵਿਚ 4,095 ਕਰੋੜ ਰੁਪਏ ਦੀ ਵਿਕਰੀ ਹੋਈ ਸੀ ਅਤੇ ਇਸ ਦਾ ਘਾਟਾ 171.6 ਕਰੋੜ ਰੁਪਏ ਦਾ ਸੀ।


Related News